ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਬੀਤੇ ਮੰਗਲਵਾਰ ਨੂੰ ਵੱਡਾ ਹਾਦਸਾ ਵਾਪਰਿਆ ਹੈ, ਜਿੱਥੇ ਭਾਰਤੀ ਫੌਜ ਦੀ ਇੱਕ ਗੱਡੀ ਖੱਡ ‘ਚ ਡਿੱਗਣ ਕਾਰਨ 5 ਜਵਾਨ ਸ਼ਹੀਦ ਹੋ ਗਏ ਅਤੇ 10 ਤੋਂ ਵੱਧ ਜਵਾਨ ਜ਼ਖਮੀ ਹੋਏ ਹਨ। ਜਾਣਕਾਰੀ ਮੁਤਾਬਕ, ਇਹ ਹਾਦਸਾ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਮੇਂਢਰ ਦੇ ਬਲਨੋਈ ਇਲਾਕੇ ਵਿੱਚ ਵਾਪਰਿਆ ਹੈ।ਇਹ ਇਲਾਕਾ LOC ਦੇ ਨੇੜੇ ਪੈਂਦਾ ਹੈ। ਦਰਅਸਲ, ਭਾਰਤੀ ਫੌਜ ਦੀ ਗੱਡੀ ਜਵਾਨਾਂ ਨੂੰ ਚੌਕੀ ਵੱਲ ਲੈ ਜਾ ਰਹੀ ਸੀ,ਕਿ ਗੱਡੀ ਪਹਿਲਾਂ ਰਸਤਾ ਭਟਕ ਗਈ ਸੀ। ਇਸ ਦੌਰਾਨ ਗੱਡੀ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ਹਾਦਸੇ ਦੀ ਸੂਚਨਾ ਮਿਲਦੇ ਹੀ ਭਾਰਤੀ ਫੌਜ ਦੀ ਰਾਹਤ ਅਤੇ ਬਚਾਅ ਟੀਮ ਮੌਕੇ ‘ਤੇ ਪੁੱਜ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਮੰਨਿਆ ਜਾ ਰਿਹਾ ਹੈ ਕਿ ਜ਼ਖਮੀ ਫੌਜੀਆਂ ਦੀ ਗਿਣਤੀ ਹੋਰ ਵਧ ਸਕਦੀ ਹੈ।
ਦੱਸਦਈਏ ਕਿ ਪਿਛਲੇ ਮਹੀਨੇ ਵੀ ਜੰਮੂ-ਕਸ਼ਮੀਰ ‘ਚ ਵਾਪਰੇ ਸੜਕ ਹਾਦਸੇ ‘ਚ ਭਾਰਤੀ ਫੌਜ ਦੇ ਇਕ ਜਵਾਨ ਦੀ ਜਾਨ ਚਲੀ ਗਈ ਸੀ ਅਤੇ ਹੋਰ ਜ਼ਖਮੀ ਹੋ ਗਏ ਸਨ। ਇਹ ਹਾਦਸਾ 4 ਨਵੰਬਰ ਨੂੰ ਕਾਲਾਕੋਟ ਦੇ ਪਿੰਡ ਬਡੋਗ ਨੇੜੇ ਵਾਪਰਿਆ।