Chandigarh News: ਪੰਜਾਬ ਵਿੱਚ ਅੱਤਵਾਦ ਦੌਰਾਨ ਫਰਜ਼ੀ ਮੁੱਠਭੇੜ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਸੀਬੀਆਈ ਅਦਾਲਤ ਨੇ ਤਿੰਨ ਤਤਕਾਲੀ ਪੁਲਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਕੇਸ ਦੀ ਸੁਣਵਾਈ ਦੌਰਾਨ ਇੱਕ ਦੋਸ਼ੀ ਪੁਲਸ ਮੁਲਾਜ਼ਮ ਅਰਜੁਨ ਸਿੰਘ ਦੀ ਦਸੰਬਰ 2021 ਵਿੱਚ ਮੌਤ ਹੋ ਗਈ ਸੀ। ਪੀੜਤਾਂ ਦੇ ਪਰਿਵਾਰ ਨੇ ਜਿੱਥੇ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਹੈ, ਉੱਥੇ ਹੀ ਦੋਸ਼ੀ ਪੁਲਸ ਅਧਿਕਾਰੀਆਂ ਨੇ ਇਸ ਫੈਸਲੇ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।ਇਹ ਮਾਮਲਾ ਸਾਲ 1992 ਵਿੱਚ ਤਰਨਤਾਰਨ ਨਾਲ ਸਬੰਧਤ ਦੋ ਨੌਜਵਾਨਾਂ ਦੇ ਅਗਵਾ, ਫਰਜ਼ੀ ਮੁੱਠਭੇੜ ਅਤੇ ਕਤਲ ਨਾਲ ਸਬੰਧਤ ਹੈ। ਜਿਸ ਵਿੱਚ ਮੰਗਲਵਾਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਤਤਕਾਲੀ ਥਾਣਾ ਸਿਟੀ ਤਰਨਤਾਰਨ ਦੇ ਇੰਚਾਰਜ ਗੁਰਬਚਨ ਸਿੰਘ, ਏਐਸਆਈ ਰੇਸ਼ਮ ਸਿੰਘ ਅਤੇ ਪੁਲਸ ਮੁਲਾਜ਼ਮ ਹੰਸ ਰਾਜ ਸਿੰਘ ਨੂੰ ਧਾਰਾ 302 ਅਤੇ 120ਬੀ ਤਹਿਤ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ।ਐਡਵੋਕੇਟ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ ਦੋਸ਼ੀਆਂ ਨੂੰ 7.5 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਜੁਰਮਾਨਾ ਅਦਾ ਨਾ ਕਰਨ ‘ਤੇ ਉਨ੍ਹਾਂ ਨੂੰ ਤਿੰਨ ਸਾਲ ਹੋਰ ਕੈਦ ਕੱਟਣੀ ਪਵੇਗੀ। ਸੀਬੀਆਈ ਵੱਲੋਂ ਦਾਇਰ ਚਾਰਜਸ਼ੀਟ ਅਨੁਸਾਰ 18 ਨਵੰਬਰ 1992 ਨੂੰ ਜਗਦੀਪ ਸਿੰਘ ਉਰਫ ਮੱਖਣ ਨੂੰ ਐਸਐਚਓ ਗੁਰਬਚਨ ਸਿੰਘ ਦੀ ਅਗਵਾਈ ਹੇਠਲ ਪੁਲਸ ਟੀਮ ਨੇ ਅਗਵਾ ਕਰ ਲਿਆ ਸੀ। ਅਗਵਾ ਕਰਨ ਤੋਂ ਪਹਿਲਾਂ ਪੁਲਿਸ ਨੇ ਘਰ ‘ਤੇ ਫਾਇਰਿੰਗ ਕੀਤੀ ਅਤੇ ਮੱਖਣ ਦੀ ਸੱਸ ਸਵਿੰਦਰ ਕੌਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।ਇਸੇ ਤਰ੍ਹਾਂ ਗੁਰਨਾਮ ਸਿੰਘ ਉਰਫ਼ ਪਾਲੀ ਨੂੰ ਗੁਰਬਚਨ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ 21 ਨਵੰਬਰ 1992 ਨੂੰ ਉਨ੍ਹਾਂ ਦੇ ਘਰੋਂ ਉਨ੍ਹਾਂ ਨੂੰ ਅਗਵਾ ਕਰ ਲਿਆ। ਫਿਰ 30 ਨਵੰਬਰ 1992 ਨੂੰ ਗੁਰਬਚਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਝੂਠੇ ਪੁਲਿਸ ਮੁੱਠਭੇੜ ਵਿਚ ਕਤਲ ਕਰ ਦਿੱਤਾ ਸੀ। ਇਸ ਸਬੰਧੀ ਪੰਜਾਬ ਪੁਲਿਸ ਵੱਲੋਂ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਐਫਆਈਆਰ ਵਿੱਚ ਦੱਸਿਆ ਗਿਆ ਹੈ ਕਿ ਗੁਰਬਚਨ ਸਿੰਘ ਨੇ ਹੋਰ ਮੁਲਜ਼ਮਾਂ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ 30 ਨਵੰਬਰ 1992 ਦੀ ਸਵੇਰ ਨੂੰ ਗਸ਼ਤ ਦੌਰਾਨ ਇੱਕ ਨੌਜਵਾਨ ਨੂੰ ਇੱਕ ਵਾਹਨ ਵਿੱਚ ਯਾਤਰਾ ਕਰਦੇ ਹੋਏ ਦੇਖਿਆ ਅਤੇ ਤਰਨਤਾਰਨ ਨੇੜੇ ਉਕਤ ਵਿਅਕਤੀ ਨੂੰ ਸ਼ੱਕੀ ਹਾਲਤ ਵਿੱਚ ਫੜ ਲਿਆ, ਜਿਸਨੇ ਆਪਣੀ ਪਛਾਣ ਗੁਰਨਾਮ ਸਿੰਘ ਪਾਲੀ ਵਜੋਂ ਦੱਸੀ। ਪੁੱਛਗਿੱਛ ਦੌਰਾਨ ਉਸਨੇ ਰੇਲਵੇ ਰੋਡ, ਟੀਟੀ ਅਤੇ ਗੁਰਨਾਮ ’ਚ ਦਰਸ਼ਨ ਸਿੰਘ ਦੇ ਪ੍ਰੋਵੀਜ਼ਨ ਸਟੋਰ ‘ਤੇ ਗ੍ਰੇਨੇਡ ਸੁੱਟਣ ‘ਚ ਆਪਣੀ ਸ਼ਮੂਲੀਅਤ ਦੀ ਗੱਲ ਕਬੂਲੀ।ਜਦੋਂ ਗੁਰਨਾਮ ਸਿੰਘ ਪਾਲੀ ਨੂੰ ਪੁਲਿਸ ਬੇਹਲਾ ਬਾਗ ਵਿੱਚ ਕਥਿਤ ਤੌਰ ‘ਤੇ ਲੁਕਾਏ ਗਏ ਹਥਿਆਰਾਂ ਅਤੇ ਗੋਲਾ ਬਾਰੂਦ ਨੂੰ ਬਰਾਮਦ ਕਰਨ ਲਈ ਲਿਜਾਇਆ ਗਿਆ ਤਾਂ ਬਾਗ ਦੇ ਅੰਦਰੋਂ ਅੱਤਵਾਦੀਆਂ ਨੇ ਪੁਲਿਸ ਪਾਰਟੀ ‘ਤੇ ਗੋਲੀਬਾਰੀ ਕਰ ਦਿੱਤੀ ਅਤੇ ਪੁਲਿਸ ਬਲ ਨੇ ਸਵੈ-ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ। ਗੁਰਨਾਮ ਸਿੰਘ ਉਰਫ ਪਾਲੀ ਭੱਜਣ ਦੇ ਇਰਾਦੇ ਨਾਲ ਗੋਲੀਆਂ ਦੀ ਦਿਸ਼ਾ ਵਿੱਚ ਭੱਜਿਆ, ਪਰ ਕਰਾਸ ਫਾਇਰਿੰਗ ਵਿੱਚ ਮਾਰਿਆ ਗਿਆ। ਜਿਸਦੀ ਪਛਾਣ ਜਗਦੀਪ ਸਿੰਘ ਉਰਫ ਮੱਖਣ ਵਜੋਂ ਹੋਈ ਹੈ। ਦੋਵੇਂ ਲਾਸ਼ਾਂ ਨੂੰ ‘ਲਾਵਾਰਿਸ’ ਮੰਨ੍ਹ ਕੇ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ।ਸੀਬੀਆਈ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਸੀ ਮ੍ਰਿਤਕ ਜਗਦੀਪ ਸਿੰਘ ਮੱਖਣ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਸੀ, ਅਤੇ ਮ੍ਰਿਤਕ ਗੁਰਨਾਮ ਸਿੰਘ ਪਾਲੀ ਪੰਜਾਬ ਪੁਲਿਸ ਵਿੱਚ ਐਸਪੀਓ ਸੀ। ਅਦਾਲਤ ਵਿੱਚ ਦਿੱਤੇ ਹਲਫ਼ਨਾਮੇ ਵਿੱਚ ਕਿਹਾ ਗਿਆ ਹੈ ਕਿ ਸਾਲ 1992 ਦੌਰਾਨ, ਥਾਣਾ ਸਦਰ ਤਰਨਤਾਰਨ ਦੇ ਏਰੀਆ ਵਿੱਚ ਗੁਰਬਚਨ ਸਿੰਘ, ਰੇਸ਼ਮ ਸਿੰਘ, ਹੰਸ ਰਾਜ ਸਿੰਘ ਅਤੇ ਅਰਜੁਨ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀਆਂ ਵੱਲੋਂ ਸਾਜ਼ਿਸ਼ ਤਹਿਤ ਕਤਲ ਕਰ ਦਿੱਤਾ ਗਿਆ ਸੀ।
ਹਿੰਦੂਸਥਾਨ ਸਮਾਚਾਰ