New Delhi: ਦੇਸ਼ ਦੀ ਆਤਮ-ਨਿਰਭਰ ਯਾਤਰਾ ਵਿੱਚ ਇੱਕ ਹੋਰ ਇਤਿਹਾਸਕ ਦਿਨ ਜੁੜ ਗਿਆ, ਜਦੋਂ ਦੋ ਜੰਗੀ ਬੇੜੇ ਇੱਕੋ ਸਮੇਂ ਭਾਰਤੀ ਜਲ ਸੈਨਾ ਨੂੰ ਸੌਂਪੇ ਗਏ। ਇਨ੍ਹਾਂ ਵਿੱਚੋਂ ਇੱਕ ਵਿਨਾਸ਼ਕਾਰੀ ਸੂਰਤ ਅਤੇ ਦੂਜਾ ਫ੍ਰੀਗੇਟ ਨੀਲਗਿਰੀ ਹੈ। ਇਨ੍ਹਾਂ ਜਹਾਜ਼ਾਂ ਨੂੰ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ ਡਿਜ਼ਾਈਨ ਬਿਊਰੋ ਵੱਲੋਂ ਸਵਦੇਸ਼ੀ ਤੌਰ ‘ਤੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਮਜ਼ਗਾਓਂ ਡੌਕ ਲਿਮਿਟੇਡ (ਐਮਡੀਐਲ) ਨੇ ਬਣਾਇਆ ਹੈ। ਜਲ ਸੈਨਾ ਦੇ ਬੇੜੇ ਵਿੱਚ ਦੋ ਅਤਿ-ਆਧੁਨਿਕ ਜੰਗੀ ਜਹਾਜ਼ਾਂ ਦੇ ਇੱਕੋ ਸਮੇਂ ਸ਼ਾਮਲ ਹੋਣ ਨਾਲ ਭਾਰਤੀ ਜਲ ਸੈਨਾ ਦੀ ਸੰਚਾਲਨ ਅਤੇ ਲੜਾਕੂ ਸਮਰੱਥਾ ਵਿੱਚ ਵਾਧਾ ਹੋਵੇਗਾ। ਜਲ ਸੈਨਾ ਨੂੰ ਮਿਲਿਆ ‘ਸੂਰਤ’ ਜਹਾਜ਼ ਪ੍ਰੋਜੈਕਟ 15ਬੀ ਸਟੀਲਥ ਗਾਈਡਡ ਮਿਜ਼ਾਈਲ ਵਿਨਾਸ਼ਕਾਂ ਵਿੱਚੋਂ ਚੌਥਾ ਅਤੇ ਆਖਰੀ ਹੈ। ਇਸ ਤੋਂ ਪਹਿਲਾਂ ਪਿਛਲੇ ਤਿੰਨ ਸਾਲਾਂ ਵਿੱਚ ਇਸੇ ਪ੍ਰਾਜੈਕਟ ਦੇ ਤਿੰਨ ਜਹਾਜ਼ ਵਿਸ਼ਾਖਾਪਟਨਮ, ਮੋਰਮੁਗਾਓ ਅਤੇ ਇੰਫਾਲ ਨੂੰ ਜਲ ਸੈਨਾ ਦੇ ਬੇੜੇ ਵਿੱਚ ਸ਼ਾਮਲ ਕੀਤਾ ਗਿਆ ਹੈ। ਸੂਰਤ ਦੀ ਸਪੁਰਦਗੀ ਭਾਰਤੀ ਜਲ ਸੈਨਾ ਦੇ ਸਵਦੇਸ਼ੀ ਵਿਨਾਸ਼ਕਾਰੀ ਨਿਰਮਾਣ ਪ੍ਰੋਜੈਕਟ ਦੀ ਸਮਾਪਤੀ ਨੂੰ ਦਰਸਾਉਂਦੀ ਹੈ। ਇਹ ਪ੍ਰੋਜੈਕਟ 2021 ਵਿੱਚ ਸ਼ੁਰੂ ਕੀਤਾ ਗਿਆ ਸੀ। ਕੁੱਲ 7,400 ਟਨ ਭਾਰ ਅਤੇ 164 ਮੀਟਰ ਦੀ ਲੰਬਾਈ ਦੇ ਨਾਲ ਗਾਈਡਡ ਮਿਜ਼ਾਈਲ ਵਿਨਾਸ਼ਕਾਰੀ ਹੋਣ ਦੇ ਨਾਤੇ, ਆਈਐਨਐਸ ਸੂਰਤ ਸ਼ਕਤੀਸ਼ਾਲੀ ਅਤੇ ਬਹੁਮੁਖੀ ਪਲੇਟਫਾਰਮ ਹੈ ਜੋ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ, ਜਹਾਜ਼ ਵਿਰੋਧੀ ਮਿਜ਼ਾਈਲਾਂ ਅਤੇ ਟਾਰਪੀਡੋ ਸਮੇਤ ਅਤਿ-ਆਧੁਨਿਕ ਹਥਿਆਰਾਂ ਅਤੇ ਸੈਂਸਰਾਂ ਨਾਲ ਲੈਸ ਹੈ। ਇਸ ਨੇ ਆਪਣੇ ਸਮੁੰਦਰੀ ਅਜ਼ਮਾਇਸ਼ਾਂ ਦੌਰਾਨ 30 ਨਾਟਸ (56 ਕਿਲੋਮੀਟਰ ਪ੍ਰਤੀ ਘੰਟਾ) ਤੋਂ ਵੱਧ ਦੀ ਸਪੀਡ ਹਾਸਲ ਕੀਤੀ ਹੈ। ਇਹ ਭਾਰਤੀ ਜਲ ਸੈਨਾ ਦਾ ਪਹਿਲਾ ਸਵਦੇਸ਼ੀ ਤੌਰ ‘ਤੇ ਵਿਕਸਤ ਏਆਈ ਸਮਰਥਿਤ ਜੰਗੀ ਬੇੜਾ ਹੈ, ਜੋ ਇਸਦੀ ਸੰਚਾਲਨ ਕੁਸ਼ਲਤਾ ਨੂੰ ਕਈ ਗੁਣਾ ਵਧਾਏਗਾ।ਜਲ ਸੈਨਾ ਨੂੰ ਸਪੁਰਦ ਕੀਤਾ ਗਿਆ ਫ੍ਰੀਗੇਟ ਨੀਲਗਿਰੀ ਪ੍ਰੋਜੈਕਟ 17ਏ ਸਟੀਲਥ ਦਾ ਪਹਿਲਾ ਜਹਾਜ਼ ਹੈ। ਇਸ ਯੋਜਨਾ ਦੇ ਸੱਤ ਜਹਾਜ਼ ਐਮਡੀਐਲ, ਮੁੰਬਈ ਅਤੇ ਜੀਆਰਐਸਈ, ਕੋਲਕਾਤਾ ਵਿਖੇ ਬਣਾਏ ਜਾ ਰਹੇ ਹਨ। ਇਹ ਮਲਟੀ-ਮਿਸ਼ਨ ਫ੍ਰੀਗੇਟ ਭਾਰਤ ਦੇ ਸਮੁੰਦਰੀ ਹਿੱਤਾਂ ਦੇ ਖੇਤਰ ’ਚ ਰਵਾਇਤੀ ਅਤੇ ਗੈਰ-ਰਵਾਇਤੀ ਦੋਵੇਂ ਖਤਰਿਆਂ ਤੋਂ ‘ਬਲੂ ਵਾਟਰ’ ਵਿੱਚ ਮੁਕਾਬਲਾ ਕਰਨ ਦੇ ਸਮਰੱਥ ਹਨ। ਨਵੇਂ ਜਹਾਜ਼ ਡੀਜ਼ਲ ਜਾਂ ਗੈਸ ਦੁਆਰਾ ਸੰਚਾਲਿਤ ਹੁੰਦੇ ਹਨ। ਇਨ੍ਹਾਂ ਜਹਾਜ਼ਾਂ ਵਿੱਚ ਅਤਿ-ਆਧੁਨਿਕ ਏਕੀਕ੍ਰਿਤ ਪਲੇਟਫਾਰਮ ਪ੍ਰਬੰਧਨ ਪ੍ਰਣਾਲੀ ਵੀ ਹੈ।ਜਹਾਜ਼ ’ਚ ਸੁਪਰਸੋਨਿਕ ਸਤ੍ਹਾ ਤੋਂ ਸਤ੍ਹਾ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ, ਮੱਧਮ-ਰੇਂਜ ਦੀ ਸਤ੍ਹਾ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ, 76 ਮਿਲੀਮੀਟਰ ਅਪਗ੍ਰੇਡਡ ਗਨ ਅਤੇ ਰੈਪਿਡ ਫਾਇਰ ਕਲੋਜ਼-ਇਨ ਹਥਿਆਰ ਪ੍ਰਣਾਲੀਆਂ ਨਾਲ ਫਿੱਟ ਹਨ।
ਜਲ ਸੈਨਾ ਨੂੰ 2047 ਤੱਕ ਆਤਮ-ਨਿਰਭਰ ਬਣਾਉਣ ਨੂੰ ਮੁੱਖ ਰੱਖਦਿਆਂ ਇਨ੍ਹਾਂ ਜਹਾਜ਼ਾਂ ਵਿੱਚ 75 ਫੀਸਦੀ ਸਵਦੇਸ਼ੀ ਸਮੱਗਰੀ ਲਗਾਈ ਗਈ ਹੈ। ਇਨ੍ਹਾਂ ਪ੍ਰੋਜੈਕਟਾਂ ਨੇ ਦੇਸ਼ ਵਿੱਚ ਸਵੈ-ਨਿਰਭਰਤਾ, ਆਰਥਿਕ ਵਿਕਾਸ ਅਤੇ ਰੁਜ਼ਗਾਰ ਨੂੰ ਉਤਸ਼ਾਹਿਤ ਕੀਤਾ ਹੈ। ਇਨ੍ਹਾਂ ਜੰਗੀ ਜਹਾਜ਼ਾਂ ਵਿੱਚ ਲਗਾਏ ਗਏ ਪ੍ਰਮੁੱਖ ਹਥਿਆਰ ਅਤੇ ਸੈਂਸਰ ਸਵਦੇਸ਼ੀ ਕੰਪਨੀਆਂ ਬੀਏਪੀਐਲ, ਐਲਐਂਡਟੀ, ਐਮਟੀਪੀਐਫ, ਬੀਈਐਲ,ਬੀਐਚਈਐਲ, ਮਹਿੰਦਰਾ ਆਦਿ ਤੋਂ ਪ੍ਰਾਪਤ ਕੀਤੇ ਗਏ ਹਨ। ਇਸ ਸ਼੍ਰੇਣੀ ਦੇ ਬਾਕੀ ਛੇ ਜਹਾਜ਼ ਐਮਡੀਐਲ, ਮੁੰਬਈ ਅਤੇ ਜੀਆਰਐਸਈ, ਕੋਲਕਾਤਾ ਵਿਖੇ ਨਿਰਮਾਣ ਦੇ ਵੱਖ-ਵੱਖ ਪੜਾਵਾਂ ਅਧੀਨ ਹਨ। ਇਹ ਜਹਾਜ਼ 2025 ਅਤੇ 2026 ਵਿੱਚ ਭਾਰਤੀ ਜਲ ਸੈਨਾ ਨੂੰ ਸੌਂਪੇ ਜਾਣ ਦੀ ਉਮੀਦ ਹੈ।
ਹਿੰਦੂਸਥਾਨ ਸਮਾਚਾਰ