New Delhi: ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਤੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਵੀ ਵੀਰਵਾਰ ਨੂੰ ਸੰਸਦ ਕੰਪਲੈਕਸ ‘ਚ ਵਿਰੋਧ ਪ੍ਰਦਰਸ਼ਨ ਦੌਰਾਨ ਹੋਏ ਹੰਗਾਮੇ ਦੌਰਾਨ ਜ਼ਖਮੀ ਹੋ ਗਏ। ਉਨ੍ਹਾਂ ਨੇ ਇਸ ਮਾਮਲੇ ‘ਚ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ‘ਚ ਖੜਗੇ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਭਾਜਪਾ ਦੇ ਸੰਸਦ ਮੈਂਬਰਾਂ ਨੇ ਧੱਕਾ ਦਿੱਤਾ ਅਤੇ ਫਰਸ਼ ‘ਤੇ ਬੈਠਣ ਲਈ ਮਜ਼ਬੂਰ ਕੀਤਾ। ਇਸ ਕਾਰਨ ਉਨ੍ਹਾਂ ਦੇ ਗੋਡਿਆਂ ‘ਤੇ ਸੱਟ ਲੱਗੀ ਹੈ, ਜਿਨ੍ਹਾਂ ਦਾ ਪਹਿਲਾਂ ਹੀ ਆਪਰੇਸ਼ਨ ਹੋ ਚੁੱਕਾ ਹੈ।
ਖੜਗੇ ਨੇ ਕਿਹਾ ਕਿ ਇਸ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਮੇਰੇ ਲਈ ਕੁਰਸੀ ਲੈ ਕੇ ਆਏ ਅਤੇ ਮੈਨੂੰ ਉਸ ‘ਤੇ ਬਿਠਾਇਆ ਗਿਆ। ਬੜੀ ਮੁਸ਼ਕਲ ਨਾਲ ਅਤੇ ਆਪਣੇ ਸਾਥੀਆਂ ਦੀ ਮਦਦ ਨਾਲ, ਮੈਂ ਲੰਗੜਾ ਕੇ ਸਵੇਰੇ 11 ਵਜੇ ਸਦਨ (ਰਾਜ ਸਭਾ) ਵਿਚ ਪਹੁੰਚਿਆ। ਵਰਣਨਯੋਗ ਹੈ ਕਿ 82 ਸਾਲਾ ਖੜਗੇ ਦਾ ਜੂਨ 2017 ਵਿਚ ਦਿੱਲੀ ਦੇ ਏਮਜ਼ ਵਿਚ ਖੱਬਾ ਗੋਡੇ ਦਾ ਅਪਰੇਸ਼ਨ ਹੋਇਆ ਸੀ।ਖੜਗੇ ਨੇ ਪੱਤਰ ‘ਚ ਕਿਹਾ ਕਿ ਮੈਂ ਤੁਹਾਨੂੰ (ਸਪੀਕਰ) ਨੂੰ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦੇਣ ਦੀ ਅਪੀਲ ਕਰਦਾ ਹਾਂ, ਜੋ ਨਾ ਸਿਰਫ ਮੇਰੇ ‘ਤੇ ਨਿੱਜੀ ਤੌਰ ‘ਤੇ ਹਮਲਾ ਹੈ, ਸਗੋਂ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ‘ਤੇ ਵੀ ਹਮਲਾ ਹੈ। ਹਾਲਾਂਕਿ, ਵੀਰਵਾਰ ਨੂੰ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਸੰਸਦ ਮੈਂਬਰਾਂ ਵਿਚਾਲੇ ਹੋਏ ਝਗੜੇ ਤੋਂ ਬਾਅਦ ਮਲਿਕਾਅਰਜੁਨ ਖੜਗੇ ਨੂੰ ‘ਜ਼ਖਮੀ ਸੂਚੀ’ ਵਿੱਚ ਸ਼ਾਮਲ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਅੱਜ ਸਵੇਰੇ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵਿਚਾਲੇ ਪ੍ਰਦਰਸ਼ਨ ਦੌਰਾਨ ਸੰਸਦ ਕੰਪਲੈਕਸ ‘ਚ ਧੱਕਾ ਮੁੱਕੀ ਹੋ ਗਈ। ਭਾਜਪਾ ਮੁਤਾਬਕ ਉਸਦੇ ਦੋ ਸੰਸਦ ਮੈਂਬਰ ਪ੍ਰਤਾਪ ਸਾਰੰਗੀ ਅਤੇ ਮੁਕੇਸ਼ ਰਾਜਪੂਤ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਰਾਜਧਾਨੀ ਦੇ ਡਾਕਟਰ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਹਿੰਦੂਸਥਾਨ ਸਮਾਚਾਰ