Chandigarh News: ਪੰਜਾਬ-ਚੰਡੀਗੜ੍ਹ ਵਿੱਚ ਸ਼ੀਤ ਲਹਿਰ ਦਾ ਅਸਰ ਜਾਰੀ ਹੈ। ਤਾਪਮਾਨ ਵਿੱਚ ਨਿਰੰਤਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਦੇ ਅਨੁਸਾਰ 24 ਦਸੰਬਰ ਤੱਕ ਉੱਤਰ ਭਾਰਤ ਵਿੱਚ ਸ਼ੀਤ ਲਹਿਰ ਦਾ ਅਸਰ ਰਹੇਗਾ। ਇਸੇ ਦੌਰਾਨ, ਪੰਜਾਬ ਦੇ ਫਿਰੋਜ਼ਪੁਰ ਵਿੱਚ ਤਾਪਮਾਨ 1 ਡਿਗਰੀ ਤੋਂ ਵੀ ਘਟ ਕੇ 0.9 ਡਿਗਰੀ ਦਰਜ ਕੀਤਾ ਗਿਆ। ਇਸਦੇ ਨਾਲ ਹੀ 11 ਜ਼ਿਲੇ ਅਜਿਹੇ ਹਨ, ਜਿੱਥੇ ਘੱਟੋ-ਘੱਟ ਤਾਪਮਾਨ 5 ਡਿਗਰੀ ਤੋਂ ਵੀ ਘੱਟ ਪਾਇਆ ਜਾ ਰਿਹਾ ਹੈ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਚੰਡੀਗੜ੍ਹ ਸਮੇਤ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਰੀਦਕੋਟ ਅਤੇ ਰੂਪਨਗਰ ਵਿੱਚ ਸ਼ੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਥੇ ਤਾਪਮਾਨ 5 ਡਿਗਰੀ ਤੋਂ ਹੇਠਾਂ ਜਾਂ ਇਸਦੇ ਨੇੜੇ ਪਹੁੰਚ ਸਕਦਾ ਹੈ। ਜਦਕਿ ਪੰਜਾਬ ਦੇ ਹੋਰ ਇਲਾਕਿਆਂ ਵਿੱਚ ਮੌਸਮ ਸਾਫ ਅਤੇ ਆਮ ਰਹਿਣ ਦੀ ਸੰਭਾਵਨਾ ਹੈ।ਮੌਸਮ ਵਿਭਾਗ ਦੇ ਮੁਤਾਬਕ ਪਹਾੜਾਂ ਤੋਂ ਹਵਾਵਾਂ ਦਾ ਰੁਖ ਮੈਦਾਨੀ ਇਲਾਕਿਆਂ ਵੱਲ ਹੈ। ਇਹੀ ਕਾਰਨ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਸ਼ੀਤ ਲਹਿਰ ਦੇ ਅਸਰ ਨਾਲ ਕਾਂਬਾ ਛੇੜਨ ਵਾਲੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ। ਪਰ ਇਸਦੇ ਨਾਲ ਹੀ ਹੁਣ ਹਵਾਵਾਂ ਦੀ ਗਤੀ ਘੱਟ ਗਈ ਹੈ। ਪਿਛਲੇ ਦਿਨਾਂ ਦੌਰਾਨ ਹਵਾਵਾਂ ਦੀ ਗਤੀ ਕਰੀਬ 10 ਕਿਲੋਮੀਟਰ ਪ੍ਰਤੀ ਘੰਟਾ ਸੀ, ਜੋ ਹੁਣ 4 ਕਿਲੋਮੀਟਰ ਪ੍ਰਤੀ ਘੰਟਾ ਦੇ ਨੇੜੇ ਪਹੁੰਚ ਗਈ ਹੈ।ਇਸਦਾ ਨਤੀਜਾ ਹੈ ਕਿ ਹੁਣ ਪੰਜਾਬ ਅਤੇ ਮੈਦਾਨੀ ਇਲਾਕਿਆਂ ਵਿੱਚ ਧੁੰਦ ਦਾ ਅਸਰ ਦੇਖਣ ਨੂੰ ਮਿਲੇਗਾ।ਅੱਜ ਪੰਜਾਬ ਦੇ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਅਤੇ ਫਰੀਦਕੋਟ ਵਿੱਚ ਧੁੰਦ ਦਾ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਕਈ ਇਲਾਕਿਆਂ ਵਿੱਚ ਵਿਜ਼ੀਬਿਲਟੀ 50 ਤੋਂ 100 ਮੀਟਰ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।
ਹਿੰਦੂਸਥਾਨ ਸਮਾਚਾਰ