New Delhi: ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਬਾਰੇ ਕਥਿਤ ‘ਅਪਮਾਨਜਨਕ ਟਿੱਪਣੀ’ ਲਈ ਅਸਤੀਫ਼ੇ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲ ਕਰਦਿਆਂ ਖੜਗੇ ਨੇ ਕੱਲ੍ਹ ਸਦਨ ਵਿੱਚ ਸੰਵਿਧਾਨ ‘ਤੇ ਬਹਿਸ ਦੌਰਾਨ ਸ਼ਾਹ ਵੱਲੋਂ ਕੀਤੀ ਗਈ ਟਿੱਪਣੀ ਦਾ ਹਵਾਲਾ ਦਿੱਤਾ, ਜਿਸ ਵਿੱਚ ਉਨ੍ਹਾਂ (ਅਮਿਤ ਸ਼ਾਹ) ਨੇ ਵਿਰੋਧੀ ਮੈਂਬਰਾਂ ਨੂੰ ਕਿਹਾ ਸੀ ਕਿ ਜਿੰਨੀ ਵਾਰ ਉਹ (ਵਿਰੋਧੀ ਮੈਂਬਰ) ਬਾਬਾ ਸਾਹਿਬ ਦਾ ਨਾਮ ਲੈਂਦੇ, ਜੇਕਰ ਓਨੀ ਵਾਰ ਉਹ ਭਗਵਾਨ ਦਾ ਨਾਮ ਲੈਣਗੇ ਤਾਂ ਉਨ੍ਹਾਂ ਨੂੰ ਸੱਤ ਵਾਰ ਸਵਰਗ ਮਿਲੇਗਾ।
ਖੜਗੇ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਗ੍ਰਹਿ ਮੰਤਰੀ ਖੁਦ ਡਾ. ਅੰਬੇਡਕਰ ਦੇ ਸੰਵਿਧਾਨ ਦਾ ਸਨਮਾਨ ਨਹੀਂ ਕਰਨਾ ਚਾਹੁੰਦੇ। ਕਾਂਗਰਸ ਪ੍ਰਧਾਨ ਨੇ ਚੇਤਾਵਨੀ ਦਿੱਤੀ ਕਿ ਅਜਿਹੀਆਂ ਅਪਮਾਨਜਨਕ ਟਿੱਪਣੀਆਂ ਨਾਲ ਦੇਸ਼ ਭਰ ਵਿੱਚ ਗੁੱਸਾ ਫੈਲ ਸਕਦਾ ਹੈ ਕਿਉਂਕਿ ਕੋਈ ਵੀ ਡਾ. ਅੰਬੇਡਕਰ ਅਤੇ ਦੇਸ਼ ਦੇ ਸੰਵਿਧਾਨ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਸ਼ਾਹ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਡਾਕਟਰ ਅੰਬੇਡਕਰ ਦਾ ਅਪਮਾਨ ਕਰਨ ਲਈ ਦੇਸ਼ ਦੀ ਜਨਤਾ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਕਾਂਗਰਸ ਦੀ ਮੰਗ ਨਹੀਂ, ਸਗੋਂ ਸਮੁੱਚੇ ਵਿਰੋਧੀ ਧਿਰ ਦੀ ਮੰਗ ਹੈ।
ਹਿੰਦੂਸਥਾਨ ਸਮਾਚਾਰ