Washington News: ਰੂਸ ਦੇ ਕੁਰਸਕ ਖੇਤਰ ਵਿੱਚ ਛਿੜੀ ਲੜਾਈ ਵਿੱਚ ਯੂਕ੍ਰੇਨ ਦੀ ਫੌਜ ਨੇ ਉੱਤਰੀ ਕੋਰੀਆ ਦੇ ਕਈ ਸੌ ਸੈਨਿਕਾਂ ਨੂੰ ਮਾਰ ਦਿੱਤਾ ਹੈ। ਇਹ ਦਾਅਵਾ ਇਕ ਸੀਨੀਅਰ ਅਮਰੀਕੀ ਫੌਜੀ ਅਧਿਕਾਰੀ ਨੇ ਕੀਤਾ ਹੈ। ਇਸਨੂੰ ਰੂਸ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਉੱਤਰੀ ਕੋਰੀਆ ਦੇ ਲਗਭਗ 10,000 ਸੈਨਿਕ ਯੂਕ੍ਰੇਨ ਦੇ ਖਿਲਾਫ ਲੜਾਈ ‘ਚ ਰੂਸੀ ਫੌਜ ਦਾ ਸਮਰਥਨ ਕਰ ਰਹੇ ਹਨ।
ਦਿ ਗਾਰਡੀਅਨ ਅਖਬਾਰ ਨੇ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਇਹ ਖਬਰ ਦਿੱਤੀ ਹੈ। ਖ਼ਬਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਯੂਕ੍ਰੇਨ ਵਿੱਚ ਲੜਦਿਆਂ ਕਈ ਸੌ ਉੱਤਰੀ ਕੋਰੀਆਈ ਸੈਨਿਕ ਮਾਰੇ ਗਏ। ਇਨ੍ਹਾਂ ਵਿਚ ਸਾਰੇ ਰੈਂਕ ਦੇ ਲੋਕ ਹਨ। ਰੂਸ ਕੁਰਸਕ ਖੇਤਰ ਤੋਂ ਯੂਕ੍ਰੇਨੀ ਫੌਜਾਂ ਨੂੰ ਪਿੱਛੇ ਧੱਕਣ ਲਈ ਸੰਘਰਸ਼ ਕਰ ਰਿਹਾ ਹੈ। ਯੂਕ੍ਰੇਨੀ ਬਲਾਂ ਨੇ ਇਸ ਸਾਲ ਦੇ ਸ਼ੁਰੂ ਵਿਚ ਇਸ ਖੇਤਰ ‘ਤੇ ਕਬਜ਼ਾ ਕਰ ਲਿਆ ਸੀ। ਇਸ ਖੇਤਰ ਵਿੱਚ ਉੱਤਰੀ ਕੋਰੀਆ ਦੇ ਸੈਨਿਕਾਂ ਨੂੰ ਵਿਸ਼ੇਸ਼ ਤੌਰ ‘ਤੇ ਤਾਇਨਾਤ ਕੀਤਾ ਗਿਆ ਹੈ।ਅਮਰੀਕੀ ਅਧਿਕਾਰੀ, ਜਿਸ ਨੇ ਪਛਾਣ ਹੋਣ ਤੋਂ ਇਨਕਾਰ ਕਰ ਦਿੱਤਾ, ਨੇ ਮੀਡੀਆ ਨੂੰ ਦਿੱਤੇ ਆਪਣੇ ਬਿਆਨ ਵਿੱਚ ਉੱਤਰੀ ਕੋਰੀਆ ਦੇ ਅਧਿਕਾਰਤ ਨਾਮ ਲਈ ਸੰਖੇਪ ‘ਡੀਪੀਆਰਕੇ’ ਦੀ ਵਰਤੋਂ ਕੀਤੀ। ਯੂਕ੍ਰੇਨ ਦੇ ਕਮਾਂਡਰ-ਇਨ-ਚੀਫ ਅਲੈਗਜ਼ੈਂਡਰ ਸਿਰਸਕੀ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਰੂਸ ਕੁਰਸਕ ਖੇਤਰ ਵਿੱਚ ਉੱਤਰੀ ਕੋਰੀਆਈ ਫੌਜਾਂ ਦੀ ਵਰਤੋਂ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਫਰਵਰੀ 2022 ‘ਚ ਮਾਸਕੋ ਦੇ ਯੂਕ੍ਰੇਨ ‘ਤੇ ਹਮਲੇ ਤੋਂ ਬਾਅਦ ਉੱਤਰੀ ਕੋਰੀਆ ਅਤੇ ਰੂਸ ਨੇ ਆਪਣੇ ਫੌਜੀ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ। ਪਿਓਂਗਯਾਂਗ ਅਤੇ ਮਾਸਕੋ ਵਿਚਕਾਰ ਜੂਨ ਵਿੱਚ ਹਸਤਾਖਰ ਕੀਤੇ ਗਏ ਇੱਕ ਇਤਿਹਾਸਕ ਰੱਖਿਆ ਸਮਝੌਤਾ ਇਸ ਮਹੀਨੇ ਦੇ ਸ਼ੁਰੂ ਵਿੱਚ ਲਾਗੂ ਹੋਇਆ। ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰਮਾਣੂ ਹਥਿਆਰਾਂ ਨਾਲ ਲੈਸ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਰੂਸ ਤੋਂ ਅਡਵਾਂਸ ਟੈਕਨਾਲੋਜੀ ਹਾਸਲ ਕਰਨ ਅਤੇ ਆਪਣੇ ਸੈਨਿਕਾਂ ਲਈ ਲੜਾਈ ਦਾ ਤਜਰਬਾ ਲੈਣ ਦੇ ਚਾਹਵਾਨ ਹਨ।
ਹਿੰਦੂਸਥਾਨ ਸਮਾਚਾਰ