New Delhi: ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਦੇਸ਼ ਵਿੱਚ ਆਮ ਚੋਣਾਂ ਅਤੇ ਸਾਰੇ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਕਰਵਾਉਣ ਲਈ ਮੰਗਲਵਾਰ ਨੂੰ ਲੋਕ ਸਭਾ ਵਿੱਚ ਇੱਕ ਰਾਸ਼ਟਰ, ਇੱਕ ਚੋਣ ਬਿੱਲ ਪੇਸ਼ ਕੀਤਾ। ਇਸ ਦੌਰਾਨ ਵ੍ਹਿੱਪ ਜਾਰੀ ਹੋਣ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 20 ਤੋਂ ਵੱਧ ਸੰਸਦ ਮੈਂਬਰ ਲੋਕ ਸਭਾ ਤੋਂ ਗੈਰ-ਹਾਜ਼ਰ ਰਹੇ। ਇਨ੍ਹਾਂ ਸੰਸਦ ਮੈਂਬਰਾਂ ਨੂੰ ਵ੍ਹਿੱਪ ਜਾਰੀ ਹੋਣ ਦੇ ਬਾਵਜੂਦ ਸੰਸਦ ‘ਚ ਨਾ ਆਉਣ ਦੀ ਕੀਮਤ ਚੁਕਾਉਣੀ ਪਵੇਗੀ। ਭਾਜਪਾ ਉਨ੍ਹਾਂ ਸਾਰੇ ਸੰਸਦ ਮੈਂਬਰਾਂ ਨੂੰ ਨੋਟਿਸ ਭੇਜੇਗੀ ਜੋ ਲੋਕ ਸਭਾ ਵਿੱਚ ਗੈਰਹਾਜ਼ਰ ਰਹੇ ਹਨ।
ਨਿਯਮਾਂ ਮੁਤਾਬਕ ਪਾਰਟੀ ਉਨ੍ਹਾਂ ਸਾਰੇ ਸੰਸਦ ਮੈਂਬਰਾਂ ਤੋਂ ਲੋਕ ਸਭਾ ‘ਚ ਗੈਰਹਾਜ਼ਰ ਰਹਿਣ ਦਾ ਕਾਰਨ ਪੁੱਛੇਗੀ। ਨਿਯਮਾਂ ਮੁਤਾਬਕ ਜੇਕਰ ਕਿਸੇ ਕਾਰਨ ਕੋਈ ਵਿਅਕਤੀ ਸੰਸਦ ਭਵਨ ‘ਚ ਹਾਜ਼ਰ ਨਹੀਂ ਹੋ ਪਾਉਂਦਾ ਹੈ ਤਾਂ ਉਸ ਨੂੰ ਪਹਿਲਾਂ ਚੀਫ ਵ੍ਹਿਪ ਨੂੰ ਸੂਚਿਤ ਕਰਨਾ ਪੈਂਦਾ ਹੈ ਪਰ ਮੰਗਲਵਾਰ ਨੂੰ ਭਾਜਪਾ ਦੇ 20 ਤੋਂ ਵੱਧ ਸੰਸਦ ਮੈਂਬਰ ਨਹੀਂ ਆਏ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਭਾਜਪਾ ਨੇ ਆਪਣੇ ਸੰਸਦ ਮੈਂਬਰਾਂ ਨੂੰ ਤਿੰਨ ਲਾਈਨਾਂ ਵਾਲਾ ਵ੍ਹਿਪ ਜਾਰੀ ਕਰਕੇ ਸਾਰੇ ਸਦਨਾਂ ‘ਚ ਮੌਜੂਦ ਰਹਿਣ ਲਈ ਕਿਹਾ ਸੀ। ਇਸ ਤੋਂ ਪਹਿਲਾਂ ਲੋਕ ਸਭਾ ‘ਚ ਵਨ ਨੇਸ਼ਨ ਵਨ ਇਲੈਕਸ਼ਨ ਬਿੱਲ ‘ਤੇ ਸ਼ੁਰੂਆਤੀ ਚਰਚਾ ਤੋਂ ਬਾਅਦ ਵਿਰੋਧੀ ਧਿਰ ਨੇ ਵੋਟਾਂ ਦੀ ਵੰਡ ਦੀ ਮੰਗ ਕੀਤੀ ਸੀ। ਇਸ ਬਿੱਲ ਦੇ ਪੱਖ ‘ਚ 269 ਅਤੇ ਵਿਰੋਧ ‘ਚ 198 ਮੈਂਬਰਾਂ ਨੇ ਵੋਟ ਪਾਈ।
ਨਿਯਮਾਂ ਮੁਤਾਬਕ ਸੰਵਿਧਾਨ ਦੀ ਇਸ ਤਜਵੀਜ਼ਤ ਸੋਧ ਨੂੰ ਲੋਕ ਸਭਾ ਵਿੱਚ ਪਾਸ ਕਰਨ ਲਈ ਹਾਜ਼ਰ ਦੋ ਤਿਹਾਈ ਮੈਂਬਰਾਂ ਦੇ ਸਮਰਥਨ ਅਤੇ ਵੋਟਿੰਗ ਦੀ ਲੋੜ ਹੁੰਦੀ ਹੈ।
ਕੀ ਹੁੰਦਾ ਹੈ ਵ੍ਹਿਪ ?
ਪਾਰਟੀ ਦਾ ਚੀਫ਼ ਵ੍ਹਿਪ ਜਾਂ ਗਾਈਡ ਅਨੁਸ਼ਾਸਨ ਕਾਇਮ ਰੱਖਣ ਲਈ ਵ੍ਹਿਪ ਜਾਰੀ ਕਰਦਾ ਹੈ। ਇਸ ਦਾ ਮਤਲਬ ਹੈ ਕਿ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਨੂੰ ਸਦਨ ਵਿੱਚ ਹਾਜ਼ਰ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਪਾਰਟੀ ਲਾਈਨ ‘ਤੇ ਇੱਕਜੁੱਟ ਹੋ ਕੇ ਵੋਟ ਪਾਉਣੀ ਹੋਵੇਗੀ।