Sangrur News: ਇਥੋਂ ਨੇੜਲੇ ਪਿੰਡ ਲੱਡਾ ਨੇੜੇ ਟਰੱਕ ਤੇ ਕਾਰ ਦੀ ਹੋਈ ਆਪਸੀ ਭਿਆਨਕ ਟੱਕਰ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਅਤੇ ਇਕ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨੇੜਲੇ ਪਿੰਡ ਕਾਂਝਲਾ ਦੇ ਸਰਪੰਚ ਸਤਿਗੁਰ ਸਿੰਘ ਅਤੇ ਉੱਘੇ ਸਮਾਜ ਸੇਵੀ ਭਗਵੰਤ ਰਾਏ ਜੋਸ਼ੀ ਕਾਂਝਲਾ ਨੇ ਦੱਸਿਆ ਕਿ ਪਿੰਡ ਕਾਂਝਲਾ ਦੇ ਨੌਜਵਾਨ ਅਮਨਜੋਤ ਸਿੰਘ, ਸਤਿਗੁਰ ਸਿੰਘ ਅਤੇ ਹਸਨਪੁਰ ਦੇ ਜਗਸੀਰ ਸਿੰਘ ਜੱਗੀ ਅਤੇ ਗੁਰਸੇਵਕ ਸਿੰਘ ਜੋ ਕਿ ਪਿੰਡ ਕਾਂਝਲੇ ਤੋਂ ਵਾਇਆ ਲੱਡਾ ਹੋ ਕੇ ਸੰਗਰੂਰ ਵੱਲ ਸਵਿਫਟ ਕਾਰ ’ਤੇ ਜਾ ਰਹੇ ਸਨ, ਜਿਉਂ ਹੀ ਉਹ ਲੱਡਾ ਪੈਟਰੋਲ ਪੰਪ ਨਜ਼ਦੀਕ ਪਹੁੰਚੇ ਤਾਂ ਸੰਗਰੂਰ ਵਲੋਂ ਆ ਰਹੇ ਇਕ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਸਤਿਗੁਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਕਾਂਝਲਾ ਅਤੇ ਜਗਸੀਰ ਸਿੰਘ ਜੱਗੀ ਵਾਸੀ ਹਸਨਪੁਰ ਇਨ੍ਹਾਂ ਦੋਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਅਮਨਜੋਤ ਸਿੰਘ ਪੁੱਤਰ ਬਿੱਟੂ ਸਿੰਘ ਵਾਸੀ ਕਾਂਝਲਾ ਅਤੇ ਗੁਰਸੇਵਕ ਸਿੰਘ ਵਾਸੀ ਹਸਨਪੁਰ ਇਨ੍ਹਾਂ ਦੋਨਾਂ ਨੂੰ ਤੁਰੰਤ ਹਸਪਤਾਲ ਵਿਖੇ ਪਹੁੰਚਾਇਆ ਗਿਆ। ਅਮਨਜੋਤ ਸਿੰਘ ਕਾਂਝਲਾ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪਟਿਆਲਾ ਵਿਖੇ ਰੈਫਰ ਕੀਤਾ ਗਿਆ। ਜਿੱਥੇ ਅਮਨਜੋਤ ਸਿੰਘ ਵੀ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਉਸ ਦੀ ਵੀ ਮੌਤ ਹੋ ਗਈ। ਗੁਰਸੇਵਕ ਸਿੰਘ ਵਾਸੀ ਹਸਨਪੁਰ ਜੋ ਕਿ ਇਕ ਨਿੱਜੀ ਹਸਪਤਾਲ ਵਿਚ ਇਲਾਜ ਅਧੀਨ ਹੈ। ਇਸ ਸੰਬੰਧੀ ਥਾਣਾ ਸਦਰ ਧੂਰੀ ਦੇ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਸੜਕ ਹਾਦਸੇ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਇਕ ਗੰਭੀਰ ਜ਼ਖ਼ਮੀ ਹੈ। ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਬਿਆਨ ਲੈਣ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ