Patiala News: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਜ਼ਿਲ੍ਹੇ ਅੰਦਰ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਤੇ ਉਪ ਚੋਣਾਂ ਲਈ 21 ਦਸੰਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਤਾਇਨਾਤ ਕੀਤੇ ਸਮੁੱਚੇ ਚੋਣ ਅਮਲੇ ਨੂੰ ਵੋਟਾਂ ਪੁਆਉਣ ਦਾ ਕਾਰਜ ਪੂਰੀ ਜ਼ਿੰਮੇਵਾਰੀ ਨਾਲ ਪਾਰਦਰਸ਼ਤੀ ਅਤੇ ਨਿਰਪੱਖ ਰਹਿ ਕੇ ਨਿਭਾਉਣ ਦੇ ਨਿਰਦੇਸ਼ ਦਿੱਤੇ ਹਨ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੀ ਸਮੁੱਚੀ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਸੁਤੰਤਰ, ਨਿਰਪੱਖ, ਸੁਚਾਰੂ, ਨਿਰਵਿਘਨ ਅਤੇ ਆਜ਼ਾਦਾਨਾ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਚੋਣ ਅਮਲੇ ਨੂੰ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ‘ਤੇ ਅੱਜ ਰਿਹਰਸਲ ਕਰਵਾਈ ਅਤੇ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਖਰੀ ਰਿਹਰਸਲ 18 ਦਸੰਬਰ ਨੂੰ ਹੋਵੇਗੀ ਅਤੇ ਸਾਰੀਆਂ ਪੋਲਿੰਗ ਪਾਰਟੀਆਂ 20 ਦਸੰਬਰ ਨੂੰ ਨਿਰਧਾਰਤ ਕੀਤੇ ਜਾਣ ਵਾਲੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਕੀਤੀ ਜਾਣਗੀਆਂ ਅਤੇ ਇਸੇ ਦਿਨ ਇਨ੍ਹਾਂ ਦੇ ਪੋਲਿੰਗ ਬੂਥ ਅਲਾਟ ਕੀਤੇ ਜਾਣਗੇ।
ਇਸੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਦਿਹਾਤੀ ਵਿਕਾਸ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਇਸ ਰਿਹਰਸਲ ਦੌਰਾਨ ਚੋਣ ਅਮਲੇ ‘ਚ ਲੱਗੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਵਿਸਥਾਰ ‘ਚ ਜਾਣੂ ਕਰਵਾਉਣ ਸਮੇਤ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਪੂਰਨ ਸਿਖਲਾਈ, ਮਤਦਾਨ ਲਈ ਜਰੂਰੀ ਹਦਾਇਤਾਂ, ਵੋਟਾਂ ਲਈ ਜਰੂਰੀ ਸਮਾਨ ਸਮੇਤ ਪ੍ਰੀਜਾਈਡਿੰਗ ਅਧਿਕਾਰੀ, ਸਹਾਇਕ ਪ੍ਰੀਜਾਈਡਿੰਗ ਅਧਿਕਾਰੀ, ਪੋਲਿੰਗ ਅਧਿਕਾਰੀ ਦੀਆਂ ਜਿੰਮੇਵਾਰੀਆਂ, ਪ੍ਰੀਜਾਈਡਿੰਗ ਅਫ਼ਸਰ ਦੀ ਡਾਇਰੀ, ਸਬੰਧਤ ਫਾਰਮ, ਸੀਲਾਂ, ਟੈਗ, ਪੋਲਿੰਗ ਏਜੰਟਾਂ ਦੇ ਦਸਤਖ਼ਤ ਤੇ ਹੋਰ ਦਸਤਾਵੇਜਾਂ ਸਬੰਧੀ ਮੁਕੰਮਲ ਜਾਣਕਾਰੀ ਅਤੇ ਸਿਖਲਾਈ ਪ੍ਰਦਾਨ ਕੀਤੀ ਗਈ ਹੈ।
ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ ਦੀ ਵਾਰਡ ਨੰਬਰ 1 ਤੋਂ 14 ਤੱਕ ਲਈ ਰਿਟਰਨਿੰਗ ਅਫ਼ਸਰ-ਕਮ-ਆਰ.ਟੀ.ਓ. ਨਮਨ ਮਾਰਕੰਨ ਸਮੇਤ ਵਾਰਡ 15 ਤੋਂ 29 ਲਈ ਰਿਟਰਨਿੰਗ ਅਫ਼ਸਰ ਤੇ ਐਸ.ਡੀ.ਐਮ. ਪਟਿਆਲਾ ਮਨਜੀਤ ਕੌਰ, ਵਾਰਡ ਨੰਬਰ 30 ਤੋਂ 45 ਲਈ ਰਿਟਰਨਿੰਗ ਅਫ਼ਸਰ ਤੇ ਸਹਾਇਕ ਕਮਿਸ਼ਨਰ (ਜ) ਰਿਚਾ ਗੋਇਲ ਅਤੇ ਵਾਰਡ ਨੰਬਰ 46 ਤੋਂ 60 ਲਈ ਰਿਟਰਨਿੰਗ ਅਫ਼ਸਰ ਤੇ ਐਸ.ਡੀ.ਐਮ. ਨਾਭਾ ਡਾ. ਇਸਮਤ ਵਿਜੇ ਸਿੰਘ ਸਮੇਤ ਨਗਰ ਪੰਚਾਇਤ ਭਾਦਸੋਂ ਲਈ ਜ਼ਿਲ੍ਹਾ ਮਾਲ ਅਫ਼ਸਰ ਪਟਿਆਲਾ ਨਵਦੀਪ ਸਿੰਘ, ਨਗਰ ਪੰਚਾਇਤ ਘੱਗਾ ਲਈ ਰਿਟਰਨਿੰਗ ਅਫ਼ਸਰ ਐਸ.ਡੀ.ਐਮ. ਸਮਾਣਾ ਤਰਸੇਮ ਚੰਦ, ਐਸ.ਡੀ.ਐਮ. ਰਾਜਪੁਰਾ ਅਵਿਕੇਸ਼ ਗੁਪਤਾ, ਨਗਰ ਕੌਂਸਲ ਪਾਤੜਾਂ ਦੀ ਇੱਕ ਵਾਰਡ ਦੇ ਰਿਟਰਨਿੰਗ ਅਫ਼ਸਰ ਐਸ.ਡੀ.ਐਮ. ਪਾਤੜਾਂ ਅਸ਼ੋਕ ਕੁਮਾਰ ਨੇ ਚੋਣ ਅਮਲੇ ਦੀ ਪਹਿਲੀ ਰਿਹਰਸਲ ਕਰਵਾਈ ਹੈ।
ਹਿੰਦੂਸਥਾਨ ਸਮਾਚਾਰ