Mohali News: ਮੋਹਾਲੀ ਦੇ ਫੇਜ਼ 6 ਵਿੱਚ ਬਣੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜੀ ਬਸ ਅੱਡੇ ਅਤੇ ਇਸਦੇ ਨਾਲ ਲੱਗਦੀ ਸੜਕ ਨੂੰ ਚਾਲੂ ਕਰਨ ਸੰਬੰਧੀ ਮੋਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੇਸ ਦੀ ਸੁਣਵਾਈ ਕਰਦਿਆਂ ਚੀਫ ਜਸਟਿਸ ਸ਼ੀਲ ਨਾਗੂ ਦੀ ਅਦਾਲਤ ਨੇ ਗਮਾਡਾ ਅਤੇ ਨਗਰ ਨਿਗਮ ਸਮੇਤ ਸਾਰੀਆਂ ਧਿਰਾਂ ਨੂੰ ਅਗਲੀ ਸੁਣਵਾਈ ਮੌਕੇ ਆਪਣਾ ਜਵਾਬ ਦਾਖਲ ਕਰਨ ਲਈ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 18 ਦਸੰਬਰ ਨੂੰ ਹੋਣੀ ਹੈ।
ਸੰਪਰਕ ਕਰਨ ‘ਤੇ ਬੇਦੀ ਦੇ ਵਕੀਲ ਰੰਜੀਵਨ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਹੋਈ ਇਸ ਮਾਮਲੇ ਦੀ ਸੁਣਵਾਈ ਦੌਰਾਨ ਉਹਨਾਂ ਵਲੋਂ ਇਸ ਬੱਸ ਅੱਡੇ ਦੀ ਹਾਲਤ ਬਾਰੇ ਫੋਟੋਆਂ ਅਤੇ ਹੋਰ ਦਸਤਾਵੇਜ ਕੋਰਟ ਵਿੱਚ ਦਿੱਤੇ ਗਏ ਅਤੇ ਚੀਫ ਜਸਟਿਸ ਵਲੋਂ ਮਾਮਲੇ ਨੂੰ ਗੰਭੀਰ ਮੰਨਦਿਆਂ ਇਸਦੀ ਪੂਰੀ ਸੁਣਵਾਈ ਕਰਦਿਆਂ ਗਮਾਡਾ ਸਮੇਤ ਸਾਰੀਆਂ ਧਿਰਾਂ ਤੋਂ ਜਵਾਬ ਮੰਗਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਮੌਕੇ ਸੜਕ ਦੀ ਉਸਾਰੀ ਸੰਬੰਧੀ ਨਗਰ ਨਿਗਮ ਦੀ ਭੂਮਿਕਾ ਨੂੰ ਮੁੱਖ ਰੱਖਦਿਆਂ ਅਦਾਲਤ ਵਲੋਂ ਨਗਰ ਨਿਗਮ ਨੂੰ ਵੀ ਆਪਣਾ ਜਵਾਬ ਦੇਣ ਲਈ ਤਲਬ ਕੀਤਾ ਹੈ।
ਹਿੰਦੂਸਥਾਨ ਸਮਾਚਾਰ