New Delhi: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਛੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਈ-ਮੇਲ ਰਾਹੀਂ ਦਿੱਤੀ ਗਈ ਹੈ। ਸੂਚਨਾ ਮਿਲਣ ‘ਤੇ ਦਿੱਲੀ ਪੁਲਿਸ ਅਤੇ ਫਾਇਰ ਵਿਭਾਗ ਦੀਆਂ ਟੀਮਾਂ ਪਹੁੰਚ ਗਈਆਂ। ਦੋਵੇਂ ਟੀਮਾਂ ਜਾਂਚ ਕਰ ਰਹੀਆਂ ਹਨ। ਹੁਣ ਤੱਕ ਦੀ ਜਾਂਚ ‘ਚ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 9 ਦਸੰਬਰ ਨੂੰ ਵੀ ਦਿੱਲੀ ਦੇ 40 ਤੋਂ ਵੱਧ ਸਕੂਲਾਂ ਨੂੰ ਇਸ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਇਹ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਕੈਂਪਸ ਵਿੱਚ ਬੰਬ ਲਗਾਏ ਗਏ ਹਨ। ਈ-ਮੇਲ ‘ਚ ਕਿਹਾ ਗਿਆ ਸੀ ਕਿ ਜੇਕਰ ਬੰਬ ਫਟ ਗਿਆ ਤਾਂ ਭਾਰੀ ਨੁਕਸਾਨ ਹੋਵੇਗਾ। ਮੇਲ ਭੇਜਣ ਵਾਲੇ ਨੇ ਧਮਾਕਾ ਰੋਕਣ ਦੇ ਬਦਲੇ 30 ਹਜ਼ਾਰ ਡਾਲਰ ਦੀ ਮੰਗ ਕੀਤੀ ਸੀ।
ਛੇ ਸਕੂਲਾਂ ਨੂੰ ਭੇਜੀ ਗਈ ਈ-ਮੇਲ ਵਿੱਚ ਧਮਕੀ ਦਿੱਤੀ ਗਈ ਹੈ ਕਿ ਤੁਹਾਡੇ ਸਕੂਲ ਦੇ ਅਹਾਤੇ ਵਿੱਚ ਬਹੁਤ ਸਾਰੇ ਵਿਸਫੋਟਕ ਹਨ। ਇਸ ਗਤੀਵਿਧੀ ਵਿੱਚ ਇੱਕ ਡਾਰਕ ਵੈੱਬ ਸਮੂਹ ਅਤੇ ਕਈ ਰੇਡ ਰੂਮ ਵੀ ਸ਼ਾਮਲ ਹਨ। ਬੰਬ ਇਮਾਰਤਾਂ ਨੂੰ ਤਬਾਹ ਕਰਨ ਅਤੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਕਾਫ਼ੀ ਸ਼ਕਤੀਸ਼ਾਲੀ ਹਨ। ਇਹ 13 ਅਤੇ 14 ਦਸੰਬਰ (ਦੋਵੇਂ ਦਿਨ) ਫਟ ਸਕਦੇ ਹਨ।
ਦੱਸਿਆ ਗਿਆ ਹੈ ਕਿ ਵੀਰਵਾਰ ਅੱਧੀ ਰਾਤ ਨੂੰ 12.54 ਵਜੇ ਇਨ੍ਹਾਂ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਇਹ ਈ-ਮੇਲ ਸਵੇਰੇ 6.23 ਵਜੇ ਸ੍ਰੀਨਿਵਾਸਪੁਰੀ ਦੇ ਕੈਂਬਰਿਜ ਸਕੂਲ ਵੱਲੋਂ ਅਤੇ 6.35 ਵਜੇ ਡੀਪੀਐਸ ਅਮਰ ਕਲੋਨੀ ਸਕੂਲ ਵੱਲੋਂ ਦੇਖੀ ਗਈ। ਫਾਇਰ ਡਿਪਾਰਟਮੈਂਟ ਦੇ ਡਾਇਰੈਕਟਰ ਅਤੁਲ ਗਰਗ ਅਨੁਸਾਰ ਭਟਨਾਗਰ ਪਬਲਿਕ ਸਕੂਲ ਪੱਛਮੀ ਵਿਹਾਰ-2 ਤੋਂ ਸਵੇਰੇ 4:21 ਵਜੇ, ਕੈਂਬ੍ਰਿਜ਼ ਸਕੂਲ ਸ੍ਰੀਨਿਵਾਸਪੁਰੀ ਤੋਂ ਸਵੇਰੇ 6:23 ਵਜੇ, ਡੀਪੀਐਸ ਈਸਟ ਆਫ਼ ਕੈਲਾਸ਼ ਤੋਂ ਸਵੇਰੇ 6:35 ਵਜੇ ਕਾਲ, ਸਾਉਥ ਦਿੱਲੀ ਪਬਲਿਕ ਸਕੂਲ ਡਿਫੈਂਸ ਕਲੋਨੀ ਤੋਂ ਕਾਲ ਸਵੇਰੇ 7:57 ਵਜੇ, ਦਿੱਲੀ ਪੁਲਿਸ ਪਬਲਿਕ ਸਕੂਲ ਸਫਦਰਜੰਗ ਐਨਕਲੇਵ ਤੋਂ ਕਾਲ 8:02 ਵਜੇ ਅਤੇ ਵੈਂਕਟੇਸ਼ ਪਬਲਿਕ ਸਕੂਲ ਰੋਹਿਣੀ ਤੋਂ ਸਵੇਰੇ 8:30 ਵਜੇ ਕਾਲ ਆਈ।
ਹਿੰਦੂਸਥਾਨ ਸਮਾਚਾਰ