Chandigarh News: ਮੌਸਮ ਵਿਭਾਗ ਵੱਲੋਂ ਪੰਜਾਬ-ਚੰਡੀਗੜ੍ਹ ਵਿੱਚ ਕੋਲਡ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ 15 ਦਸੰਬਰ ਤੱਕ ਪੰਜਾਬ-ਚੰਡੀਗੜ੍ਹ ਵਿੱਚ ਤਾਪਮਾਨ ਵਿੱਚ ਗਿਰਾਵਟ ਜਾਰੀ ਰਹੇਗੀ। ਬੀਤੇ ਦਿਨ ਵੀ ਤਾਪਮਾਨ ਵਿੱਚ 0.3 ਡਿਗਰੀ ਅਤੇ ਚੰਡੀਗੜ੍ਹ ਵਿੱਚ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਪੰਜਾਬ ਦੇ 7 ਸ਼ਹਿਰ ਅਜਿਹੇ ਸਨ, ਜਿੱਥੇ ਤਾਪਮਾਨ 5 ਡਿਗਰੀ ਤੋਂ ਘੱਟ ਰਿਹਾ। ਜਦਕਿ ਪਠਾਨਕੋਟ ’ਚ ਤਾਪਮਾਨ 2 ਡਿਗਰੀ ਤੱਕ ਪਹੁੰਚ ਗਿਆ।ਮੌਸਮ ਵਿਗਿਆਨ ਵਿਭਾਗ ਦੇ ਅਨੁਸਾਰ ਅੱਜ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ, ਮਾਨਸਾ, ਸੰਗਰੂਰ, ਰੂਪਨਗਰ ਅਤੇ ਐਸਏਐਸ ਨਗਰ ਵਿੱਚ ਠੰਢ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਥੇ ਤਾਪਮਾਨ 2 ਤੋਂ 8 ਡਿਗਰੀ ਤੱਕ ਘਟਣ ਦੀ ਸੰਭਾਵਨਾ ਹੈ। ਪਹਾੜਾਂ ’ਤੇ ਹੋ ਰਹੀ ਬਰਫਬਾਰੀ ਦੇ ਕਾਰਨ ਪੰਜਾਬ ਵਿੱਚ ਤਾਪਮਾਨ ਲਗਾਤਾਰ ਘਟ ਰਿਹਾ ਹੈ। ਇਸਦੇ ਨਾਲ ਹੀ, ਆਉਣ ਵਾਲੇ ਇਕ ਹਫਤੇ ਤੱਕ ਮੀਂਹ ਪੈਣ ਦੇ ਕੋਈ ਸੰਕੇਤ ਨਹੀਂ ਹਨ, ਜਿਸ ਕਾਰਨ ਮੌਸਮ ਖੁਸ਼ਕ ਬਣਿਆ ਹੋਇਆ ਹੈ। ਦਸੰਬਰ ਮਹੀਨਾ ਵੀ ਪੰਜਾਬ ਲਈ ਸੁੱਕਾ ਰਿਹਾ ਹੈ। ਪੰਜਾਬ ਵਿੱਚ 84 ਫੀਸਦੀ ਅਤੇ ਚੰਡੀਗੜ੍ਹ ਵਿੱਚ 91 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਜਲੰਧਰ, ਐਸ. ਬੀ. ਐਸ. ਨਗਰ, ਰੂਪਨਗਰ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਸੰਗਰੂਰ ਤੋਂ ਇਲਾਵਾ ਕਿਸੇ ਵੀ ਸ਼ਹਿਰ ਵਿੱਚ ਮੀਂਹ ਨਹੀਂ ਪਿਆ।
ਹਿੰਦੂਸਥਾਨ ਸਮਾਚਾਰ