Kathmandu News: ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਡੋਨਾਲਡ ਲੂ ਨੇ ਨੇਪਾਲ ਅਤੇ ਚੀਨ ਵਿਚਾਲੇ ਹਾਲ ਹੀ ‘ਚ ਹੋਏ ਬੇਲਟ ਐਂਡ ਰੋਡ ਇਨੀਸ਼ੀਏਟਿਵ (ਬੀ.ਆਰ.ਆਈ.) ਲਾਗੂ ਸਮਝੌਤੇ ਦੇ ਦਸਤਾਵੇਜ਼ਾਂ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ।
ਨੇਪਾਲ ਦੇ ਆਪਣੇ ਦੋ ਦਿਨਾਂ ਦੌਰੇ ਦੌਰਾਨ ਅਮਰੀਕੀ ਵਿਦੇਸ਼ ਵਿਭਾਗ ਦੇ ਦੱਖਣੀ ਅਤੇ ਮੱਧ ਏਸ਼ੀਆ ਦੇ ਇੰਚਾਰਜ ਮੰਤਰੀ ਡੋਨਾਲਡ ਲੂ ਨੇ ਸੋਮਵਾਰ ਸ਼ਾਮ ਨੂੰ ਕਾਠਮੰਡੂ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਅਮਰੀਕਾ ਅਤੇ ਨੇਪਾਲ ਵਿਚਾਲੇ ਹੋਏ ਐਮ.ਸੀ.ਸੀ. ਸਮਝੌਤੇ ਦੇ ਹਰ ਦਸਤਾਵੇਜ਼ ਅਤੇ ਸਾਰੇ ਨਿਵੇਸ਼ ਮਾਮਲੇ ਪਾਰਦਰਸ਼ੀ ਹਨ, ਉਸੇ ਤਰ੍ਹਾਂ ਨਾਲ ਚੀਨ ਨਾਲ ਕੀਤੇ ਗਏ ਸਮਝੌਤੇ ਨੂੰ ਵੀ ਜਨਤਕ ਕੀਤਾ ਜਾਣਾ ਚਾਹੀਦਾ ਹੈ।
ਡੋਨਾਲਡ ਲੂ ਨੇ ਕਿਹਾ ਕਿ ਨੇਪਾਲ ਜਿਸ ਤਰ੍ਹਾਂ ਦਾ ਸਮਝੌਤਾ ਆਪਣੇ ਗੁਆਂਢੀ ਦੇਸ਼ ਨਾਲ ਕਰਦਾ ਹੈ, ਉਹ ਉਸਦੀ ਆਜ਼ਾਦੀ ਹੈ, ਪਰ ਲੂ ਨੇ ਸਲਾਹ ਦਿੱਤੀ ਕਿ ਜੇਕਰ ਇਕ ਗੁਆਂਢੀ ਨਾਲ ਕੀਤੇ ਗਏ ਸਮਝੌਤੇ ਦਾ ਦੂਜੇ ਗੁਆਂਢੀ ਦੇਸ਼ਾਂ ਨਾਲ ਸਬੰਧਾਂ ‘ਤੇ ਅਸਰ ਪੈਂਦਾ ਹੈ ਤਾਂ ਨੇਪਾਲ ਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।
ਨੇਪਾਲ ਦੇ ਆਪਣੇ ਦੋ ਦਿਨਾਂ ਦੌਰੇ ਦੌਰਾਨ ਸਿਆਸੀ ਮੀਟਿੰਗਾਂ ਬਾਰੇ ਲੂ ਨੇ ਦੱਸਿਆ ਕਿ ਉਨ੍ਹਾਂ ਨੇ ਸੱਤਾਧਾਰੀ ਪਾਰਟੀ ਦੇ ਨੇਤਾ ਸਾਬਕਾ ਪ੍ਰਧਾਨ ਮੰਤਰੀ ਸ਼ੇਰਬਹਾਦੁਰ ਦੇਉਵਾ ਅਤੇ ਵਿਰੋਧੀ ਪਾਰਟੀ ਦੇ ਨੇਤਾ ਪੁਸ਼ਪ ਕਮਲ ਦਹਿਲ ਨਾਲ ਮੁਲਾਕਾਤ ਕੀਤੀ। ਇਨ੍ਹਾਂ ਦੋਹਾਂ ਬੈਠਕਾਂ ‘ਚ ਅਮਰੀਕਾ ਨੇ ਨੇਪਾਲ ਨੂੰ ਸ਼ਾਂਤੀ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਆਖਰੀ ਪੜਾਅ ‘ਤੇ ਪਹੁੰਚਣ ‘ਤੇ ਵਧਾਈ ਦਿੱਤੀ। ਲੂ ਨੇ ਭਰੋਸਾ ਪ੍ਰਗਟਾਇਆ ਕਿ ਆਪਸੀ ਸਹਿਮਤੀ ਨਾਲ ਨੇਪਾਲ ਵਿੱਚ ਜਾਰੀ ਸ਼ਾਂਤੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ