Chandigarh News: ਸ਼੍ਰੋਮਣੀ ਅਕਾਲੀ ਦਲ ਨੇ ਰਾਜ ਚੋਣ ਕਮਿਸ਼ਨ ਵੱਲੋਂ ਪੰਜ ਨਗਰ ਨਿਗਮ ਚੋਣਾਂ ਅਤੇ 43 ਨਗਰ ਕੌਂਸਲ ਦੀਆਂ ਚੋਣਾਂ 21 ਦਸੰਬਰ ਨੂੰ ਕਰਵਾਉਣ ਦੇ ਫੈਸਲੇ ਖਿਲਾਫ ਸਖ਼ਤ ਰੋਸ ਜ਼ਾਹਰ ਕੀਤਾ ਅਤੇ ਕਿਹਾ ਕਿ ਜਦੋਂ ਸਮੁੱਚੀ ਸਿੱਖ ਕੌਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਹਾੜੇ ਮਨਾਉਂਦੀ ਹੈ, ਉਦੋਂ ਇਹ ਚੋਣਾਂ ਕਰਵਾਉਣ ਦੇ ਫੈਸਲੇ ਨਾਲ ਸਿੱਖ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਰਾਜ ਚੋਣ ਕਮਿਸ਼ਨ ਨੇ 21 ਦਸੰਬਰ ਨੂੰ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਹੈ ਜਦੋਂ ਕਿ ਇਹ ਦਿਹਾੜਾ ਗੁਰੂ ਸਾਹਿਬ ਦੇ ਦੋ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕਮਿਸ਼ਨਰ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਚੋਣਾਂ ਦਸੰਬਰ ਦੇ ਦੂਜੇ ਅੱਧ ਵਿਚ ਨਾ ਕਰਵਾਉਣ ਲਈ ਕੀਤੀਆਂ ਅਪੀਲਾਂ ਦੇ ਬਾਵਜੂਦ 21 ਦਸੰਬਰ ਨੂੰ ਵੋਟਾਂ ਵਾਲੇ ਦਿਨ ਵਜੋਂ ਚੁਣਿਆ ਹੈ।ਡਾ. ਚੀਮਾ ਨੇ ਕਮਿਸ਼ਨ ਨੂੰ ਆਖਿਆ ਕਿ ਉਹ ਆਪਣਾ ਹੁਕਮ ਵਾਪਸ ਲਵੇ ਅਤੇ ਸਥਾਨਕ ਸਰਕਾਰ ਦੀਆਂ ਚੋਣਾਂ ਜਨਵਰੀ ਵਿਚ ਕਰਵਾਉਣ ਦੇ ਤਾਜ਼ਾ ਹੁਕਮ ਜਾਰੀ ਕਰੇ। ਉਹਨਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਪਵਿੱਤਰ ਦਿਹਾੜਿਆਂ ਤੇ ਦਿਨਾਂ ਦੇ ਮੌਕੇ ਚੋਣਾਂ ਹਮੇਸ਼ਾ ਅੱਗੇ ਪਾ ਦਿੱਤੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਸਿੱਖ ਕੌਮ ਹਮੇਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਸੰਬਰ ਦੇ ਦੂਜੇ ਹਫਤੇ ਵਿਚ ਮਨਾਉਂਦੀ ਹੈ ਤੇ ਚੰਗਾ ਹੋਵੇਗਾ ਕਿ ਇਸ ਸਮੇਂ ਦੌਰਾਨ ਚੋਣਾਂ ਨਾ ਕਰਵਾਈਆਂ ਜਾਣ।ਡਾ. ਚੀਮਾ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਇਹ ਚੋਣਾਂ ਲੜੇਗਾ ਅਤੇ ਪਾਰਟੀ ਉਮੀਦਵਾਰਾਂ ਦੀ ਚੋਣ ਸਮੇਤ ਹੋਰ ਰਣਨੀਤੀ ਤੈਅ ਕਰਨ ਲਈ ਲੋੜੀਂਦੀਆਂ ਮੀਟਿੰਗਾਂ ਵੀ ਹੋਣਗੀਆਂ।
ਹਿੰਦੂਸਥਾਨ ਸਮਾਚਾਰ