Assam News: ਆਸਾਮ ਦੀ ਬਰਾਕ ਘਾਟੀ ਦੇ ਹੋਟਲਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਗੁਆਂਢੀ ਦੇਸ਼ ਵਿੱਚ ਹਿੰਦੂਆਂ ‘ਤੇ ਹਮਲੇ ਬੰਦ ਨਹੀਂ ਹੁੰਦੇ, ਉਦੋਂ ਤੱਕ ਉਹ ਕਿਸੇ ਵੀ ਬੰਗਲਾਦੇਸ਼ੀ ਨਾਗਰਿਕ ਨੂੰ ਹੋਟਲਾਂ ਵਿੱਚ ਨਹੀਂ ਠਹਿਰਾਉਣਗੇ। ਬਰਾਕ ਘਾਟੀ ਵਿੱਚ ਤਿੰਨ ਜ਼ਿਲ੍ਹੇ ਸ਼ਾਮਲ ਹਨ ਜਿਨ੍ਹਾਂ ਵਿੱਚ ਕਛਰ, ਸ਼੍ਰੀਭੂਮੀ (ਪਹਿਲਾਂ ਕਰੀਮਗੰਜ) ਅਤੇ ਹੈਲਾਕਾਂਡੀ ਸ਼ਾਮਲ ਹਨ।
ਬਰਾਕ ਵੈਲੀ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਬਾਬੁਲ ਰਾਏ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ਦੀ ਸਥਿਤੀ ਚਿੰਤਾਜਨਕ ਹੈ। ਅਸੀਂ ਇਸ ਨੂੰ ਕਿਸੇ ਵੀ ਤਰ੍ਹਾਂ ਸਵੀਕਾਰ ਨਹੀਂ ਕਰ ਸਕਦੇ। ਅਸੀਂ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਸਥਿਤੀ ਵਿੱਚ ਸੁਧਾਰ ਨਹੀਂ ਹੁੰਦਾ ਅਤੇ ਹਿੰਦੂਆਂ ‘ਤੇ ਅੱਤਿਆਚਾਰ ਬੰਦ ਨਹੀਂ ਹੁੰਦੇ, ਅਸੀਂ ਬਰਾਕ ਘਾਟੀ ਦੇ ਤਿੰਨ ਜ਼ਿਲ੍ਹਿਆਂ ਵਿੱਚ ਬੰਗਲਾਦੇਸ਼ ਦੇ ਕਿਸੇ ਵੀ ਨਾਗਰਿਕ ਨੂੰ ਨਹੀਂ ਰੱਖਾਂਗੇ। ਇਹ ਸਾਡਾ ਵਿਰੋਧ ਹੈ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਦੇ ਲੋਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੇਸ਼ ਵਿੱਚ ਸਥਿਰਤਾ ਵਾਪਸ ਆਵੇ। ਅਸੀਂ ਆਪਣੇ ਫੈਸਲੇ ‘ਤੇ ਉਦੋਂ ਹੀ ਮੁੜ ਵਿਚਾਰ ਕਰ ਸਕਦੇ ਹਾਂ ਜਦੋਂ ਸਥਿਤੀ ਸੁਧਰੇਗੀ।
ਕੁਝ ਦਿਨ ਪਹਿਲਾਂ ਸ੍ਰੀਭੂਮੀ ਜ਼ਿਲ੍ਹਾ ਹੋਟਲ ਐਸੋਸੀਏਸ਼ਨ ਨੇ ਬੰਗਲਾਦੇਸ਼ ਵਿੱਚ ਹਿੰਦੂਆਂ ਦੇ ਅਤਿਆਚਾਰ ਦੀਆਂ ਤਾਜ਼ਾ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਬੰਗਲਾਦੇਸ਼ੀ ਨਾਗਰਿਕਾਂ ਦੇ ਹੋਟਲਾਂ ਵਿੱਚ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਸੀ।
ਬੰਗਲਾਦੇਸ਼ ‘ਚ ਹਿੰਦੂਆਂ ‘ਤੇ ਹੋ ਰਹੇ ਅੱਤਿਆਚਾਰਾਂ ਅਤੇ ਇਸਕਾਨ ਮੈਂਬਰ ਚਿਨਮੋਏ ਕ੍ਰਿਸ਼ਨਾ ਦਾਸ ਦੀ ਗ੍ਰਿਫਤਾਰੀ ਖਿਲਾਫ ਬਰਾਕ ਘਾਟੀ ਦੇ ਤਿੰਨੋਂ ਜ਼ਿਲਿਆਂ ‘ਚ ਵਿਆਪਕ ਪ੍ਰਦਰਸ਼ਨ ਹੋਏ ਹਨ।