New Delhi: ਸ਼ੁੱਕਰਵਾਰ ਨੂੰ ਰਾਜ ਸਭਾ ਵਿੱਚ ਬਹੁਤ ਰੌਲਾ ਪਿਆ। ਸ਼ੁੱਕਰਵਾਰ ਨੂੰ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਸਦਨ ‘ਚ ਦੱਸਿਆ ਕਿ ਸੀਟ ਨੰਬਰ 222 ਦੇ ਹੇਠਾਂ ਨੋਟਾਂ ਦਾ ਬੰਡਲ ਮਿਲਿਆ ਹੈ। ਇਹ ਸੀਟ ਤੇਲੰਗਾਨਾ ਤੋਂ ਰਾਜ ਸਭਾ ਮੈਂਬਰ ਅਭਿਸ਼ੇਕ ਮਨੂ ਸਿੰਘਵੀ ਦੀ ਹੈ। ਇਸ ਨੂੰ ਲੈ ਕੇ ਕਾਂਗਰਸੀ ਮੈਂਬਰਾਂ ਨੇ ਸਦਨ ਵਿੱਚ ਹੰਗਾਮਾ ਕੀਤਾ। ਇਨ੍ਹਾਂ ਦੋਸ਼ਾਂ ‘ਤੇ ਅਭਿਸ਼ੇਕ ਮਨੂ ਸਿੰਘਵੀ ਨੇ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਦੇ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਉਹ ਸਿਰਫ਼ ਤਿੰਨ ਮਿੰਟ ਲਈ ਸਦਨ ਵਿੱਚ ਮੌਜੂਦ ਰਹੇ। ਉਨ੍ਹਾਂ ਕਿਹਾ, ”ਮੈਂ ਇਹ ਪਹਿਲੀ ਵਾਰ ਸੁਣਿਆ ਹੈ, ਜਦੋਂ ਵੀ ਮੈਂ ਰਾਜ ਸਭਾ ਜਾਂਦਾ ਹਾਂ ਤਾਂ ਆਪਣੇ ਨਾਲ 500 ਰੁਪਏ ਦਾ ਨੋਟ ਲੈ ਕੇ ਜਾਂਦਾ ਹਾਂ। ਕਾਂਗਰਸ ਨੇਤਾ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਮੈਂ ਕੱਲ੍ਹ ਦੁਪਹਿਰ 12.57 ‘ਤੇ ਸਦਨ ਦੇ ਅੰਦਰ ਪਹੁੰਚਿਆ ਅਤੇ ਦੁਪਹਿਰ 1 ਵਜੇ ਅਯੁੱਧਿਆ ਦੇ ਸੰਸਦ ਮੈਂਬਰ ਅਵਧੇਸ਼ ਪ੍ਰਸਾਦ ਨਾਲ ਦੁਪਹਿਰ ਦਾ ਖਾਣਾ ਖਾਣ ਲਈ ਕੰਟੀਨ ‘ਚ ਬੈਠਿਆ ਅਤੇ ਫਿਰ ਅਦਾਲਤ ਗਿਆ। ਉਨ੍ਹਾਂ ਕਿਹਾ ਕਿ ਇਹ ਬੇਹੱਦ ਹਾਸੋਹੀਣਾ ਹੈ ਕਿ ਅਜਿਹੇ ਮੁੱਦਿਆਂ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਸੰਸਦ ਮੈਂਬਰਾਂ ਦੀਆਂ ਸੀਟਾਂ ਦੀ ਰਾਖੀ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਇਸ ਮਾਮਲੇ ਵਿੱਚ ਕਾਂਗਰਸ ਦੇ ਰਾਜ ਸਭਾ ਮੈਂਬਰ ਜੈਰਾਮ ਰਮੇਸ਼ ਨੇ ਕਿਹਾ ਕਿ ਇਹ ਸੱਤਾਧਾਰੀ ਪਾਰਟੀ ਦੀ ਸਾਜ਼ਿਸ਼ ਹੈ। ਅਜਿਹੀਆਂ ਘਟਨਾਵਾਂ ਰਾਹੀਂ ਲੋਕਾਂ ਦਾ ਧਿਆਨ ਅਹਿਮ ਮੁੱਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।