Chandigarh News: ਚੰਡੀਗੜ੍ਹ ਦੇ ਦੋ ਵੱਡੇ ਹੋਟਲਾਂ ਵਿੱਚ ਬੰਬ ਹੋਣ ਦੀ ਖਬਰ ਤੋਂ ਬਾਅਦ ਹੋਟਲਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਦਸ ਦਇਏ ਕਿ ਵੀਰਵਾਰ ਦੁਪਹਿਰ 1 ਵਜੇ ਤੋਂ ਪਹਿਲਾਂ ਹੋਟਲ ਨੂੰ ਖਾਲੀ ਕਰਨ ਅਤੇ ਬੰਬ ਨਾਲ ਉਡਾਉਣ ਦੀ ਈ-ਮੇਲ ਧਮਕੀ ਮਿਲਣ ਤੋਂ ਬਾਅਦ ਹੋਟਲ ਪ੍ਰਬੰਧਕਾਂ ‘ਚ ਦਹਿਸ਼ਤ ਫੈਲ ਗਈ। ਸਵੇਰੇ ਤੜਕੇ ਆਈ ਈ-ਮੇਲ ਨੂੰ ਦੇਖ ਕੇ ਹੋਟਲ ਸਟਾਫ ਨੇ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਨੇ ਆਈਟੀ ਪਾਰਕ ਸਥਿਤ ਹੋਟਲ ਦ ਲਲਿਤ ਅਤੇ ਇੰਡਸਟਰੀਅਲ ਏਰੀਆ ਸਥਿਤ ਹੋਟਲ ਹਯਾਤ ਵਿਖੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਸਵੇਰੇ 11 ਵਜੇ ਤੱਕ ਹੋਟਲ ਦੇ ਕੋਨੇ-ਕੋਨੇ ਦੀ ਤਲਾਸ਼ੀ ਲਈ।
ਚੰਡੀਗੜ੍ਹ ਪੁਲਸ ਨੇ ਆਈਟੀ ਪਾਰਕ ਸਥਿਤ ਹੋਟਲ ਲਲਿਤ ਦੀ ਸੁਰੱਖਿਆ ਵਧਾ ਦਿੱਤੀ ਹੈ। ਪੁਲਿਸ ਦੇ ਡਾਗ ਸਕੁਐਡ ਅਤੇ ਹੋਰ ਟੀਮਾਂ ਨੇ ਹੋਟਲ ਦੇ ਅੰਦਰ ਬਾਰੀਕੀ ਨਾਲ ਜਾਂਚ ਕੀਤੀ। ਹੋਟਲ ਦੇ ਸੁਰੱਖਿਆ ਅਧਿਕਾਰੀ ਸਿਤਾਰੇ ਲਾਲ ਨੇ ਦੱਸਿਆ ਕਿ ਦਿ ਲਲਿਤ ਦੇ ਡਿਊਟੀ ਮੈਨੇਜਰ ਨੂੰ ਈਮੇਲ ਮਿਲੀ ਸੀ ਕਿ ਦਿ ਲਲਿਤ ਹੋਟਲ ‘ਚ ਬੰਬ ਹੈ। 1 ਵਜੇ ਤੋਂ ਪਹਿਲਾਂ ਇਸ ਨੂੰ ਖਾਲੀ ਕਰਵਾਓ। ਇਸ ਤੋਂ ਬਾਅਦ ਲਲਿਤ ਹੋਟਲ ਗਰੁੱਪ ਨੇ ਵੱਖ-ਵੱਖ ਸ਼ਹਿਰਾਂ ‘ਚ ਸਥਿਤ ਆਪਣੇ ਹੋਟਲਾਂ ਦੀ ਸੁਰੱਖਿਆ ਲਈ ਪੁਲਸ ਨੂੰ ਸੂਚਨਾ ਦਿੱਤੀ। ਚੰਡੀਗੜ੍ਹ ਪੁਲੀਸ ਨੂੰ ਆਈਟੀ ਪਾਰਕ ਵਿੱਚ ਸਥਿਤ ਹੋਟਲ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਚੰਡੀਗੜ੍ਹ ਪੁਲੀਸ ਨੇ ਚੌਕਸੀ ਵਧਾ ਦਿੱਤੀ ਹੈ। ਇਸ ਦੌਰਾਨ ਮੌਕੇ ’ਤੇ ਪੁਲੀਸ ਟੀਮ ਤਾਇਨਾਤ ਕਰ ਦਿੱਤੀ ਗਈ ਹੈ। ਹਾਲਾਂਕਿ ਪੁਲਿਸ ਦੇ ਹੱਥ ਕੁਝ ਨਹੀਂ ਲੱਗਾ। ਆਈਟੀ ਪਾਰਕ ਥਾਣੇ ਦੇ ਇੰਚਾਰਜ ਜੁਲਦਨ ਸਿੰਘ ਨੇ ਦੱਸਿਆ ਕਿ ਈ-ਮੇਲ ਮਿਲਣ ਤੋਂ ਬਾਅਦ ਪੁਲੀਸ ਟੀਮ ਨੇ ਪੂਰੇ ਹੋਟਲ ਦੀ ਜਾਂਚ ਕੀਤੀ। ਹੋਟਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਸ ਈ-ਮੇਲ ਦੀ ਜਾਂਚ ਕਰ ਰਹੀ ਹੈ।