Muscat News: ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਬੁੱਧਵਾਰ ਨੂੰ ਮਸਕਟ (ਓਮਾਨ) ਵਿੱਚ ਪੁਰਸ਼ ਜੂਨੀਅਰ ਏਸ਼ੀਆ ਕੱਪ ਦੇ ਉੱਚ ਸਕੋਰ ਵਾਲੇ ਫਾਈਨਲ ਵਿੱਚ ਪਾਕਿਸਤਾਨ ਨੂੰ 5-3 ਨਾਲ ਹਰਾ ਕੇ ਆਪਣੇ ਖ਼ਿਤਾਬ ਦਾ ਸਫਲਤਾਪੂਰਵਕ ਬਚਾਅ ਕੀਤਾ। ਅਰਿਜੀਤ ਸਿੰਘ ਹੁੰਦਲ ਦੇ ਚਾਰ ਗੋਲਾਂ ਦੀ ਮਦਦ ਨਾਲ ਮੌਜੂਦਾ ਚੈਂਪੀਅਨ ਭਾਰਤ ਨੇ ਬੁੱਧਵਾਰ ਨੂੰ ਫਾਈਨਲ ਮੁਕਾਬਲੇ ‘ਚ ਕੱਟੜ ਵਿਰੋਧੀ ਪਾਕਿਸਤਾਨ ਨੂੰ ਹਰਾ ਕੇ ਖਿਤਾਬ ਦੀ ਹੈਟ੍ਰਿਕ ਲਗਾਈ। ਮਹਾਂਦੀਪੀ ਟੂਰਨਾਮੈਂਟ ਵਿੱਚ ਭਾਰਤ ਦਾ ਇਹ ਪੰਜਵਾਂ ਖਿਤਾਬ ਸੀ। ਇਸ ਤੋਂ ਪਹਿਲਾਂ ਭਾਰਤ ਨੇ ਸਾਲ 2004, 2008, 2015 ਅਤੇ 2023 ਵਿੱਚ ਵੀ ਇਹ ਖਿਤਾਬ ਜਿੱਤਿਆ ਸੀ। ਕੋਵਿਡ-19 ਮਹਾਂਮਾਰੀ ਕਾਰਨ ਇਹ ਟੂਰਨਾਮੈਂਟ 2021 ਵਿੱਚ ਨਹੀਂ ਹੋ ਸਕਿਆ। ਇਸ ਮੌਕੇ ਹਾਕੀ ਇੰਡੀਆ ਨੇ ਹਰੇਕ ਖਿਡਾਰੀ ਨੂੰ 2 ਲੱਖ ਰੁਪਏ ਅਤੇ ਹਰੇਕ ਸਹਾਇਕ ਸਟਾਫ ਨੂੰ 1 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਅਰਿਜੀਤ ਸਿੰਘ ਹੁੰਦਲ ਨੇ ਚੌਥੇ, 18ਵੇਂ ਅਤੇ 54ਵੇਂ ਮਿੰਟ ਵਿੱਚ ਤਿੰਨ ਪੈਨਲਟੀ ਕਾਰਨਰਾਂ ਨੂੰ ਗੋਲ ਵਿੱਚ ਬਦਲਿਆ ਅਤੇ 47ਵੇਂ ਮਿੰਟ ਵਿੱਚ ਮੈਦਾਨੀ ਗੋਲ ਕੀਤਾ। ਭਾਰਤ ਲਈ ਇੱਕ ਹੋਰ ਗੋਲ ਦਿਲਰਾਜ ਸਿੰਘ (19ਵੇਂ ਮਿੰਟ) ਨੇ ਕੀਤਾ। ਜਦੋਂਕਿ ਪਾਕਿਸਤਾਨ ਲਈ ਸੂਫੀਆਨ ਖਾਨ (30ਵੇਂ ਅਤੇ 39ਵੇਂ ਮਿੰਟ) ਨੇ ਦੋ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ। ਹਨਾਨ ਸ਼ਾਹਿਦ ਨੇ ਤੀਜੇ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਸੂਫ਼ੀਆਨ ਦਾ ਸ਼ਾਨਦਾਰ ਸਮਰਥਨ ਕੀਤਾ। ਹਾਲਾਂਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਟੀਮ ਨੂੰ ਜਿੱਤ ਵੱਲ ਲਿਜਾਣ ਲਈ ਕਾਫੀ ਨਹੀਂ ਸਨ।
ਪਾਕਿਸਤਾਨ ਦੀ ਟੀਮ ਨੇ ਮੈਚ ਦੀ ਸ਼ੁਰੂਆਤ ‘ਚ ਸ਼ਾਨਦਾਰ ਰਫਤਾਰ ਦਿਖਾਈ ਅਤੇ ਖੇਡ ਦੇ ਤੀਜੇ ਮਿੰਟ ‘ਚ ਸ਼ਾਹਿਦ ਦੇ ਮੈਦਾਨੀ ਗੋਲ ਨਾਲ ਲੀਡ ਲੈ ਲਈ। ਹਾਲਾਂਕਿ, ਕੁੱਝ ਹੀ ਸਕਿੰਟਾਂ ਦੇ ਅੰਦਰ, ਭਾਰਤ ਨੇ ਆਪਣਾ ਪਹਿਲਾ ਪੈਨਲਟੀ ਕਾਰਨਰ ਹਾਸਿਲ ਕੀਤਾ ਅਤੇ ਹੁੰਦਲ ਨੇ ਸ਼ਾਨਦਾਰ ਡਰੈਗ ਫਲਿੱਕ ਨਾਲ ਸਕੋਰ ਬੋਰਡ ਨੂੰ ਇਕ-ਇਕ ਕਰ ਦਿੱਤਾ।
ਭਾਰਤ ਨੇ ਦੂਜੇ ਕੁਆਰਟਰ ਵਿੱਚ ਆਪਣੀ ਖੇਡ ਵਿੱਚ ਸੁਧਾਰ ਕੀਤਾ ਅਤੇ 18ਵੇਂ ਮਿੰਟ ਵਿੱਚ ਆਪਣਾ ਦੂਜਾ ਪੈਨਲਟੀ ਕਾਰਨਰ ਲਿਆ, ਜਿਸਨੂੰ ਹੁੰਦਲ ਨੇ ਇੱਕ ਵਾਰ ਫਿਰ ਗੋਲ ਵਿੱਚ ਬਦਲ ਦਿੱਤਾ। ਇਸ ਤੋਂ ਇਕ ਮਿੰਟ ਬਾਅਦ ਦਿਲਰਾਜ ਨੇ ਵੀ ਸ਼ਾਨਦਾਰ ਮੈਦਾਨੀ ਗੋਲ ਕਰਕੇ ਭਾਰਤ ਦੀ ਲੀਡ 3-1 ਨਾਲ ਵਧਾ ਦਿੱਤੀ। ਪਾਕਿਸਤਾਨ ਨੇ 30ਵੇਂ ਮਿੰਟ ਵਿੱਚ ਸੂਫੀਆਨ ਦੇ ਪੈਨਲਟੀ ਕਾਰਨਰ ਦੇ ਗੋਲ ਰਾਹੀਂ ਸਕੋਰ 2-3 ਕਰ ਦਿੱਤਾ। ਸੂਫੀਆਨ ਨੇ 39ਵੇਂ ਮਿੰਟ ਵਿੱਚ ਇੱਕ ਹੋਰ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਪਾਕਿਸਤਾਨ ਨੂੰ ਬਰਾਬਰੀ ਦਿਵਾਈ।
ਇਸ ਤੋਂ ਬਾਅਦ ਭਾਰਤ ਨੇ ਤੇਜ਼ੀ ਦਿਖਾਈ ਅਤੇ ਆਖਰੀ ਕੁਆਰਟਰ ਦੇ 47ਵੇਂ ਮਿੰਟ ‘ਚ ਹੁੰਦਲ ਦੇ ਪੈਲਨਟੀ ਕਾਰਨਰ ਦੇ ਸ਼ਾਟ ਨੂੰ ਪਾਕਿਸਤਾਨ ਦੇ ਗੋਲਕੀਪਰ ਨੇ ਬਚਾ ਲਿਆ। ਪਰ ਹੁੰਦਲ ਨੇ ਕੁਝ ਦੇਰ ਬਾਅਦ ਮੈਦਾਨੀ ਗੋਲ ਕਰਕੇ ਭਾਰਤ ਨੂੰ ਬੜ੍ਹਤ ਬਣਾ ਦਿੱਤੀ। ਮੈਚ ਦੇ ਆਖਰੀ 10 ਮਿੰਟਾਂ ਵਿੱਚ ਭਾਰਤ ਨੇ ਲਗਾਤਾਰ ਹਮਲਾ ਕਰਦੇ ਹੋਏ ਖੇਡ ਨੂੰ ਤੇਜ਼ ਕੀਤਾ। ਨਤੀਜੇ ਵਜੋਂ ਪਾਕਿਸਤਾਨ ‘ਤੇ ਦਬਾਅ ਵਧ ਗਿਆ ਅਤੇ ਇਸੇ ਦੌਰਾਨ ਹੁੰਦਲ ਨੇ ਇਕ ਵਾਰ ਫਿਰ ਸ਼ਾਨਦਾਰ ਗੋਲ ਕਰਕੇ ਟੀਮ ਦੀ 5-3 ਨਾਲ ਜਿੱਤ ਯਕੀਨੀ ਬਣਾਈ।
ਹਿੰਦੂਸਥਾਨ ਸਮਾਚਾਰ