Mansa News: ਪੰਜਾਬ ਦੇ ਮਾਨਸਾ ਵਿੱਚ ਭਾਰੀ ਹੰਗਾਮਾ ਹੋਇਆ। ਕਿਸਾਨਾਂ ਅਤੇ ਪੁਲਸ ਵਿਚਾਲੇ ਹੋਈ ਹਿੰਸਕ ਝੜਪ ਵਿੱਚ ਕਈ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਪੁਲਸ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਲਾਠੀਚਾਰਜ ਕੀਤਾ। ਜਵਾਬ ਵਿੱਚ ਕਿਸਾਨਾਂ ਨੇ ਪੁਲਸ ‘ਤੇ ਪਥਰਾਅ ਵੀ ਕੀਤਾ। ਹਿੰਸਕ ਝੜਪ ਵਿੱਚ ਤਿੰਨ ਥਾਣਾ ਇੰਚਾਰਜ ਅਤੇ ਕਈ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਐਸਐਚਓ ਭੀਖੀ ਦੇ ਦੋਵੇਂ ਹੱਥ ਟੁੱਟ ਗਏ। ਦੂਜੇ ਪਾਸੇ ਕੁਝ ਕਿਸਾਨਾਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਸਾਰੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਦਸ ਦਇਏ ਕਿ ਕਿਸਾਨ ਗੈਸ ਪਾਈਪ ਦਾ ਵਿਰੋਧ ਕਰਨ ਜਾ ਰਹੇ ਸਨ। ਜਿਸ ਦੌਰਾਨ ਪੁਲਸ ਵੱਲੋਂ ਉਨ੍ਹਾਂ ਨੂੰ ਰੋਕਣ ਦੌਰਾਨ ਇਹ ਘਟਨਾ ਵਾਪਰੀ।
ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਗੁਜਰਾਤ ਤੋਂ ਗੈਸ ਪਾਈਪ ਲਾਈਨ ਖੇਤਾਂ ਵਿਚ ਦੀ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਾਈਪ ਲਾਈਨ ਪਾਉਣ ਵਾਲੀ ਕੰਪਨੀ ਖੇਤਾਂ ਦੇ ਮਾਲਕ ਕਿਸਾਨਾਂ ਨੂੰ ਨਿਗੂਣਾ ਮੁਆਵਜ਼ਾ ਦੇ ਰਹੀ ਸੀ, ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸੰਘਰਸ਼ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਅਧਿਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਲਿਖਤੀ ਸਮਝੌਤਾ ਕਰਦਿਆਂ ਕਿਸਾਨਾਂ ਨੂੰ 24 ਲੱਖ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਸੀ ਪਰ ਕਰੀਬ ਦੋ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਾਈਪ ਲਾਈਨ ਪਾਉਣ ਦਾ ਕੰਮ ਰੁਕਵਾ ਦਿੱਤਾ ਸੀ।
ਉਕਤ ਗੈਸ ਪਾਈਪ ਲਾਈਨ ਗੁਜਰਾਤ ਤੋਂ ਜੰਮੂ ਕਸ਼ਮੀਰ ਤਕ ਜਾਣੀ ਹੈ, ਜਦੋਂ ਕਿ ਪੰਜਾਬ ਵਿਚ ਤਲਵੰਡੀ ਸਾਬੋ ਖੇਤਰ ਰਾਹੀ ਇਹ ਪਾਈਪ ਲਾਈਨ ਪੰਜਾਬ ਅੰਦਰ ਪ੍ਰਵੇਸ਼ ਕਰਦੀ ਹੈ, ਪਰ ਇੱਥੇ ਹੀ ਕਿਸਾਨਾਂ ਨੇ ਪਹਿਲੇ ਪੜ੍ਹਾ ਦੌਰਾਨ ਹੀ ਇਸ ਦਾ ਵਿਰੋਧ ਕਰ ਦਿੱਤਾ ਹੈ।
ਦੂਜੇ ਪਾਸੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਤਹਿਤ ਪਰੇ ਦਾ ਕਹਿਣਾ ਸੀ ਕਿ ਕੰਪਨੀ ਨੇ ਗੈਸ ਪਾਈਪ ਲਾਈਨ ਪਾਉਣ ਮੌਕੇ ਕਿਸਾਨਾਂ ਨਾਲ ਸਮਝੌਤਾ ਕਰਕੇ ਕੁੱਝ ਕਿਸਾਨਾਂ ਨੂੰ ਮੁਆਵਜ਼ਾ ਦੇ ਦਿੱਤਾ ਸੀ, ਦਸ ਦਇਏ ਕਿ ਗੈਸ ਪਾਈਪ ਲਾਈਨ ਪਾਉਣ ਵਾਲੀ ਕੰਪਨੀ ਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ ਵਿਚ ਕੇਸ ਦਾਇਰ ਕੀਤਾ ਸੀ, ਜਿੱਥੋਂ ਅਦਾਲਤ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਦੇਸ਼ ਦਿੱਤੇ ਸਨ ਕਿ ਉਹ ਗੈਸ ਪਾਈਪ ਲਾਈਨ ਦਾ ਕੰਮ ਸ਼ੁਰੂ ਕਰਵਾਉਣ। ਜਿਕਰਯੋਗ ਹੈ ਕਿ ਮਾਮਲੇ ਦੀ ਸੁਣਵਾਈ 9 ਦਸੰਬਰ ਨੂੰ ਪੰਜਾਬ ਹਰਿਆਣਾ ਹਾਈਕੋਰਟ ਵਿਚ ਫਿਰ ਹੋਣੀ ਹੈ।