Dhaka News: ਬੰਗਲਾਦੇਸ਼ ’ਚ ਦੇਸ਼ਧ੍ਰੋਹ ਅਤੇ ਹੋਰ ਗੰਭੀਰ ਦੋਸ਼ਾਂ ਵਿੱਚ ਸਲਾਖਾਂ ਪਿੱਛੇ ਬੰਦ ਹਿੰਦੂ ਸੰਤ ਚਿਨਮਯ ਕ੍ਰਿਸ਼ਨ ਦਾਸ ਬ੍ਰਹਮਚਾਰੀ ਨੂੰ ਅੱਜ ਜ਼ਮਾਨਤ ਨਹੀਂ ਮਿਲ ਸਕੀ। ਸਨਾਤਨ ਜਾਗਰਣ ਮੰਚ ਦੇ ਬੁਲਾਰੇ ਅਤੇ ਇੰਟਰਨੈਸ਼ਨਲ ਸੋਸਾਇਟੀ ਫਾਰ ਕ੍ਰਿਸ਼ਨਾ ਕੋਂਸ਼ੀਅਸਨੇਸ (ਇਸਕੋਨ) ਦੇ ਆਗੂ ਚਿਨਮਯ ਬ੍ਰਹਮਚਾਰੀ ਨੂੰ ਢਾਕਾ ਮੈਟਰੋਪੋਲੀਟਨ ਪੁਲਿਸ ਦੇ ਜਾਸੂਸ ਵਿੰਗ ਨੇ 25 ਨਵੰਬਰ ਨੂੰ ਸ਼ਾਮ 4:30 ਵਜੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਸੀ। ਉਦੋਂ ਤੋਂ ਉਹ ਜੇਲ੍ਹ ਵਿੱਚ ਹਨ।
ਬੰਗਲਾਦੇਸ਼ੀ ਨਿਊਜ਼ ਪੋਰਟਲ ਬੀਡੀਨਿਉਜ਼ 24ਡਾਟਕਾਮ ਦੇ ਅਨੁਸਾਰ, ਚਿਨਮਯ ਕ੍ਰਿਸ਼ਨਾ ਦਾਸ ਬ੍ਰਹਮਚਾਰੀ (38) ਨੂੰ ਅੱਜ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ। ਚਟਗਾਂਵ ਮੈਟਰੋਪੋਲੀਟਨ ਪੁਲਿਸ ਦੇ ਏਡੀਸੀ (ਪ੍ਰੌਸੀਕਿਊਸ਼ਨ) ਮੋਫਿਜ਼ੁਰ ਰਹਿਮਾਨ ਨੇ ਕਿਹਾ ਕਿ ਜ਼ਮਾਨਤ ਪਟੀਸ਼ਨ ‘ਤੇ ਮੁੱਢਲੀ ਸੁਣਵਾਈ ਤੋਂ ਬਾਅਦ ਜੱਜ ਨੇ ਅਗਲੀ ਸੁਣਵਾਈ ਲਈ 2 ਜਨਵਰੀ ਦੀ ਤਰੀਕ ਤੈਅ ਕੀਤੀ। ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲ ਸਕੀ ਕਿਉਂਕਿ ਚਿਨਮਯ ਕ੍ਰਿਸ਼ਨਾ ਦਾਸ ਦੀ ਪ੍ਰਤੀਨਿਧਤਾ ਕਰਨ ਲਈ ਕੋਈ ਵਕੀਲ ਉਪਲਬਧ ਨਹੀਂ ਸੀ।
ਇਸ ਦੌਰਾਨ ਢਾਕਾ ਟ੍ਰਿਬਿਊਨ ਨੇ ਭਾਰਤੀ ਟੀਵੀ ਨਿਊਜ਼ ਚੈਨਲਾਂ ‘ਤੇ ਪਾਬੰਦੀ ਨੂੰ ਲੈ ਕੇ ਹੈਰਾਨ ਕਰਨ ਵਾਲੀ ਖ਼ਬਰ ਦਿੱਤੀ ਹੈ। ਢਾਕਾ ਟ੍ਰਿਬਿਊਨ ਮੁਤਾਬਕ ਇਸ ਸਬੰਧ ਵਿੱਚ ਬੰਗਲਾਦੇਸ਼ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ’ਚ ਭੜਕਾਊ ਖ਼ਬਰਾਂ ਦੇ ਪ੍ਰਸਾਰਣ ਦਾ ਹਵਾਲਾ ਦਿੰਦੇ ਹੋਏ ਦੇਸ਼ ਵਿੱਚ ਸਾਰੇ ਭਾਰਤੀ ਟੀਵੀ ਚੈਨਲਾਂ ‘ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਗਈ ਹੈ। ਇਹ ਪਟੀਸ਼ਨ ਵਕੀਲ ਇਖਲਾਸ ਉੱਦੀਨ ਭੂਈਆਂ ਨੇ ਦਾਇਰ ਕੀਤੀ ਹੈ। ਭੂਈਆਂ ਨੇ ਕਿਹਾ ਕਿ ਜਸਟਿਸ ਫਾਤਿਮਾ ਨਜੀਬ ਅਤੇ ਜਸਟਿਸ ਸਿਕਦਾਰ ਮਹਿਮਦੂਰ ਰਾਜ਼ੀ ਦੀ ਬੈਂਚ ਪਟੀਸ਼ਨ ‘ਤੇ ਸੁਣਵਾਈ ਕਰ ਸਕਦੀ ਹੈ। ਪਟੀਸ਼ਨ ਵਿੱਚ ਭਾਰਤੀ ਚੈਨਲਾਂ ਸਟਾਰ ਜਲਸਾ, ਸਟਾਰ ਪਲੱਸ, ਜ਼ੀ ਬੰਗਲਾ, ਰਿਪਬਲਿਕ ਬੰਗਲਾ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ। ਪਟੀਸ਼ਨ ‘ਚ ਸੂਚਨਾ ਅਤੇ ਗ੍ਰਹਿ ਮੰਤਰਾਲੇ ਦੇ ਸਕੱਤਰ, ਬੰਗਲਾਦੇਸ਼ ਟੈਲੀਕਾਮ ਰੈਗੂਲੇਟਰੀ ਕਮਿਸ਼ਨ ਅਤੇ ਹੋਰਾਂ ਨੂੰ ਧਿਰ ਬਣਾਇਆ ਗਿਆ ਹੈ।
ਹਿੰਦੂਸਥਾਨ ਸਮਾਚਾਰ