Beirut News: ਅਮਰੀਕਾ ਅਤੇ ਫਰਾਂਸ ਦੇ ਯਤਨਾਂ ਸਦਕਾ ਲੇਬਨਾਨ ਵਿੱਚ ਅੱਤਵਾਦੀ ਸੰਗਠਨ ਹਿਜ਼ਬੁੱਲਾ ਅਤੇ ਇਜ਼ਰਾਈਲ ਦਰਮਿਆਨ ਲਾਗੂ ਸੱਠ ਦਿਨਾਂ ਦੀ ਜੰਗਬੰਦੀ ਆਖਰਕਾਰ ਟੁੱਟ ਗਈ। ਹਿਜ਼ਬੁੱਲਾ ਨੇ ਇਜ਼ਰਾਈਲ ਦੇ ਕਬਜ਼ੇ ਵਾਲੇ ਮਾਊਂਟ ਡੋਵ ਖੇਤਰ ਵਿੱਚ ਦੋ ਮੋਰਟਾਰ ਦਾਗਣ ਤੋਂ ਬਾਅਦ ਇਹ ਸਥਿਤੀ ਬਣੀ। ਇਜ਼ਰਾਈਲੀ ਸੁਰੱਖਿਆ ਬਲਾਂ (ਆਈਡੀਐਫ) ਨੇ ਸੋਮਵਾਰ ਸ਼ਾਮ ਲੇਬਨਾਨ ਵਿੱਚ ਤੇਜ਼ ਹਵਾਈ ਹਮਲੇ ਕਰਕੇ ਲੋਕਾਂ ਨੂੰ ਰਾਤਾਂ ਦੀ ਨੀਂਦ ਉਡਾ ਦਿੱਤੀ। ਆਈਡੀਐਫ ਦੀ ਇਸ ਕਾਰਵਾਈ ਵਿੱਚ ਘੱਟੋ-ਘੱਟ ਨੌਂ ਲੋਕ ਮਾਰੇ ਗਏ।
ਇਜ਼ਰਾਈਲੀ ਅਖਬਾਰ ਟਾਈਮਜ਼ ਆਫ ਇਜ਼ਰਾਈਲ ਦੀ ਖ਼ਬਰ ’ਚ ਆਈਡੀਐਲ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਲੇਬਨਾਨ ਵਿਚ ਹਿਜ਼ਬੁੱਲਾ ਲੜਾਕਿਆਂ ਅਤੇ ਉਸਦੇ ਰਣਨੀਤਕ ਹਥਿਆਰਾਂ ਦੇ ਕੇਂਦਰਾਂ ‘ਤੇ ਦਰਜਨਾਂ ਹਮਲੇ ਕੀਤੇ। ਹਿਜ਼ਬੁੱਲਾ ਨੇ ਸੋਮਵਾਰ ਨੂੰ ਦਾਅਵਾ ਕੀਤਾ ਸੀ ਕਿ ਉਸਨੇ ਪਿਛਲੇ ਹਫ਼ਤੇ ਤੋਂ ਲਾਗੂ ਹੋਏ ਜੰਗਬੰਦੀ ਸਮਝੌਤੇ ਦੀ ਇਜ਼ਰਾਈਲ ਵੱਲੋਂ ਵਾਰ-ਵਾਰ ਉਲੰਘਣਾ ਕਰਨ ਦੇ ਜਵਾਬ ਵਿੱਚ ਮੋਰਟਾਰ ਦਾਗੇ। ਇਜ਼ਰਾਈਲ ਨੇ ਤੁਰੰਤ ਇਸ ਦੋਸ਼ ਨੂੰ ਖਾਰਜ ਕਰ ਦਿੱਤਾ ਸੀ।
ਲੇਬਨਾਨੀ ਅਖਬਾਰ ਦ ਨੈਸ਼ਨਲ ਦੇ ਅਨੁਸਾਰ, ਸੋਮਵਾਰ ਸ਼ਾਮ ਨੂੰ ਦੱਖਣੀ ਲੇਬਨਾਨ ‘ਤੇ ਇਜ਼ਰਾਈਲੀ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 9 ਲੋਕ ਮਾਰੇ ਗਏ। ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਦੇ ਸ਼ਾਂਤੀ ਦੇ ਬਾਅਦ, ਲੇਬਨਾਨ ਵਿੱਚ ਇੱਕ ਵਾਰ ਫਿਰ ਲੜਾਈ ਛਿੜਨ ਦਾ ਖਦਸ਼ਾ ਵਧ ਗਿਆ ਹੈ। ਲੇਬਨਾਨ ਦੀ ਸਰਕਾਰੀ ਨੈਸ਼ਨਲ ਨਿਊਜ਼ ਏਜੰਸੀ ਮੁਤਾਬਕ ਬਿੰਟ ਜੇਬਿਲ ਦੇ ਹਰਿਸ ਪਿੰਡ ‘ਤੇ ਹੋਏ ਹਮਲੇ ‘ਚ 5 ਲੋਕਾਂ ਦੀ ਮੌਤ ਹੋ ਗਈ ਅਤੇ 2 ਜ਼ਖਮੀ ਹੋ ਗਏ, ਜਦੋਂ ਕਿ ਤਲੋਸਾ ‘ਤੇ ਹੋਏ ਹਮਲੇ ‘ਚ 4 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਲੇਬਨਾਨ ਦੇ ਸੁਰੱਖਿਆ ਬਲਾਂ ਦੇ ਇੱਕ ਮੈਂਬਰ ਸਮੇਤ ਦੋ ਲੋਕ ਵੱਖ-ਵੱਖ ਹਮਲਿਆਂ ਵਿੱਚ ਮਾਰੇ ਗਏ।
ਹਿੰਦੂਸਥਾਨ ਸਮਾਚਾਰ