ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਜੋੜਿਆਂ ਨੂੰ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨ ਦੀ ਸਲਾਹ ਦਿੱਤੀ ਹੈ। ਸੰਘ ਮੁਖੀ ਨੇ ਇਹ ਗੱਲ ਘਟਦੀ ਆਬਾਦੀ ਦੇ ਵਾਧੇ ਦੇ ਮੱਦੇਨਜ਼ਰ ਕਹੀ ਹੈ। ਉਨ੍ਹਾਂ ਅੱਗੇ ਚਿੰਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਜੇਕਰ ਕਿਸੇ ਸਮਾਜ ਦੀ ਕੁੱਲ ਜਣਨ ਦਰ (ਟੀਐਫਆਰ) 2.1 ਤੋਂ ਹੇਠਾਂ ਆਉਂਦੀ ਹੈ, ਤਾਂ ਇਸ ਦੇ ਵਿਨਾਸ਼ ਦੇ ਜੋਖਮ ਦਾ ਸਾਹਮਣਾ ਕਰਨਾ ਪੈਂਦਾ ਹੈ।
ਭਾਰਤ ਦੀ ਘਟਦੀ ਆਬਾਦੀ ਬਾਰੇ ਬੋਲਦਿਆਂ ਆਰਐਸਐਸ ਮੁਖੀ ਭਾਗਵਤ ਨੇ ਕਿਹਾ, ”ਅਬਾਦੀ ਦਾ ਘਟਣਾ ਚਿੰਤਾ ਦਾ ਵਿਸ਼ਾ ਹੈ। ਆਧੁਨਿਕ ਆਬਾਦੀ ਵਿਗਿਆਨ ਕਹਿੰਦਾ ਹੈ ਕਿ ਜਦੋਂ ਕਿਸੇ ਸਮਾਜ ਦੀ ਪ੍ਰਜਨਨ ਦਰ 2.1 ਤੋਂ ਹੇਠਾਂ ਚਲੀ ਜਾਂਦੀ ਹੈ ਤਾਂ ਉਹ ਸਮਾਜ ਧਰਤੀ ਤੋਂ ਅਲੋਪ ਹੋ ਜਾਂਦਾ ਹੈ। ਬਿਨਾਂ ਕਿਸੇ ਸੰਕਟ ਦੇ ਵੀ ਤਬਾਹ ਹੋ ਜਾਂਦਾ ਹੈ, ਇਸ ਤਰ੍ਹਾਂ ਬਹੁਤ ਸਾਰੀਆਂ ਭਾਸ਼ਾਵਾਂ ਅਤੇ ਸਮਾਜ ਅਲੋਪ ਹੋ ਗਏ ਹਨ।
ਹਾਲਾਂਕਿ, ਭਾਗਵਤ ਨੂੰ ਇਸ ਟਿੱਪਣੀ ਤੋਂ ਬਾਅਦ ਵਿਰੋਧੀ ਧਿਰ ਵੱਲੋਂ ਤਿੱਖੀ ਆਲੋਚਨਾ ਦਾ ਸਾਹਮਣਾ ਰਨਾ ਪਿਆ। ਇਨ੍ਹਾਂ ਟਿੱਪਣੀਆਂ ਨੇ ਖਾਸ ਤੌਰ ‘ਤੇ ਬਿਹਾਰ ਵਿੱਚ ਵਿਵਾਦ ਪੈਦਾ ਕਰ ਦਿੱਤਾ ਹੈ, ਜਿੱਥੇ ਆਬਾਦੀ ਕੰਟਰੋਲ ਅਤੇ ਜਾਤੀ ਅਧਾਰਤ ਜਨਗਣਨਾ ਦਾ ਮੁੱਦਾ ਸਿਆਸੀ ਤੌਰ ‘ਤੇ ਭਖਿਆ ਹੋਇਆ ਹੈ। ਵਿਰੋਧੀ ਧਿਰ ਨੇ ਕਿਹਾ ਹੈ ਕਿ ਭਾਗਵਤ ਨੂੰ ਇਹ ਸਲਾਹ ਪਹਿਲਾਂ ਖੁਦ ਭਾਜਪਾ ਮੈਂਬਰਾਂ ਨੂੰ ਦੇਣੀ ਚਾਹੀਦੀ ਹੈ ਕਿਉਂਕਿ ਉਹ ਸਾਂਝਾ ਸਿਵਲ ਕੋਡ ਲਾਗੂ ਕਰਨਾ ਚਾਹੁੰਦੇ ਹਨ।
ਹਾਲਾਂਕਿ ਮੋਹਨ ਭਾਗਵਤ ਵੱਲੋਂ ਭਾਰਤ ਵਿੱਚ ਘਟ ਰਹੀ ਜਣਨ ਦਰ ’ਤੇ ਚਿੰਤਾ ਜ਼ਾਹਿਰ ਕੀਤੇ ਜਾਣ ਤੋਂ ਇਕ ਦਿਨ ਬਾਅਦ ਜਿੱਥੇ ਭਾਜਪਾ ਆਗੂਆਂ ਨੇ ਉਨ੍ਹਾਂ ਦੇ ਬਿਆਨ ਦਾ ਸਵਾਗਤ ਕੀਤਾ। ਮੋਹਨ ਭਾਗਵਤ ਦੇ ਬਿਆਨ ਬਾਰੇ ਗੱਲ ਕਰਨ ’ਤੇ ਭਾਜਪਾ ਆਗੂ ਮਨੋਜ ਤਿਵਾੜੀ ਨੇ ਕਿਹਾ ਕਿ ਉਹ ਕੌਮੀ ਹਿੱਤ ਵਿੱਚ ਹਨ। ਤਿਵਾੜੀ ਨੇ ਸੰਸਦ ਦੇ ਬਾਹਰ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਆਰਐੱਸਐੱਸ ਇਕ ਦੇਸ਼ਭਗਤ ਸੰਸਥਾ ਹੈ। ਜੇ ਮੋਹਨ ਭਾਗਵਤ ਜੀ ਨੇ ਕੁਝ ਕਿਹਾ ਹੈ ਤਾਂ ਇਹ ਜ਼ਰੂਰ ਕੌਮੀ ਹਿੱਤ ਵਿੱਚ ਹੋਵੇਗਾ, ਇਸ ਵਾਸਤੇ ਇਸ ਦਾ ਸਕਾਰਾਤਮਕ ਢੰਗ ਨਾਲ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ।’’ ਮੇਰਠ ਤੋਂ ਭਾਜਪਾ ਦੇ ਸੰਸਦ ਮੈਂਬਰ ਅਰੁਨ ਗੋਵਿਲ ਨੇ ਵੀ ਇਹੀ ਸ਼ਬਦ ਕਹੇ। ਉਨ੍ਹਾਂ ਕਿਹਾ, ‘‘ਉਨ੍ਹਾਂ ਦੇ ਵਿਚਾਰ ਕੌਮੀ ਹਿੱਤ ਵਿੱਚ ਹਨ। ਉਹ ਇਕ ਸਿਆਣੇ ਵਿਅਕਤੀ ਹਨ, ਜੇ ਉਨ੍ਹਾਂ ਨੇ ਇਹ ਬਿਆਨ ਦਿੱਤਾ ਹੈ ਤਾਂ ਇਹ ਦੇਸ਼ ਦੇ ਹਿੱਤ ਵਿੱਚ ਹੈ ਅਤੇ ਇਹ ਠੀਕ ਹੀ ਹੋਵੇਗਾ।’’