Sangrur News: 26 ਨਵੰਬਰ ਤੋਂ ਖਨੌਰੀ ਬਾਰਡਰ ‘ਤੇ ਮਰਣ ਵਰਤ ‘ਤੇ ਬੈਠੇ ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡੇ ਨੇ SKS ‘ਤੇ KMM ਦੀ ਸਾਂਝੀ ਬੈਠਕ ‘ਚ ਲਏ ਫੈਸਲੇ ਤੋਂ ਬਾਅਦ ਸ਼ਨੀਵਾਰ ਦੁਪਹਿਰ ਬਾਅਦ ਆਪਣਾ ਮਰਣ ਵਰਤ ਸਮਾਪਤ ਕਰ ਦਿੱਤਾ। ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਮਰਣ ਵਰਤ ’ਤੇ ਬੈਠੇ ਸੁਖਜੀਤ ਸਿੰਘ ਹਰਦੋਝੰਡੇ ਨੂੰ ਨਾਰੀਅਲ ਪਾਣੀ ਪਿਆ ਕੇ ਉਨ੍ਹਾਂ ਦਾ ਮਰਣ ਵਰਤ ਸਮਾਪਤ ਕੀਤਾ।
ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ 26 ਨਵੰਬਰ ਤੋਂ ਉਨ੍ਹਾਂ ਮਰਣ ਵਰਤ ’ਤੇ ਬੈਠਣ ਦਾ ਫੈਸਲਾ ਕੀਤਾ ਸੀ ਪਰ ਪੰਜਾਬ ਸਰਕਾਰ ਦੇ ਕਹਿਣ ’ਤੇ ਪੰਜਾਬ ਪੁਲਸ ਨੇ ਉਨ੍ਹਾਂ ਨੂੰ ਜ਼ਬਰਦਸਤੀ ਹਿਰਾਸਤ ‘ਚ ਲੈ ਕੇ ਡੀਐਮਸੀ ‘ਚ ਦਾਖ਼ਲ ਕਰਵਾ ਦਿੱਤਾ ਅਤੇ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੱਤਾ ਪਰ ਦਬਾਅ ਹੇਠ ਆ ਕੇ ਸ਼ੁੱਕਰਵਾਰ ਨੂੰ ਦੇਰ ਸ਼ਾਮ ਰਿਹਾਅ ਕੀਤਾ ਗਿਆ। ਜਿਸ ਤੋਂ ਬਾਅਦ ਉਹ ਰਾਤ ਨੂੰ ਖਨੌਰੀ ਬਾਰਡਰ ਪਹੁੰਚ ਗਏ। ਪਹਿਲਾਂ ਤੋਂ ਲਏ ਗਏ ਫੈਸਲੇ ਅਨੁਸਾਰ ਉਹ ਮਰਣ ਵਰਤ ਜਾਰੀ ਰੱਖਣਗੇ ਜਦਕਿ ਸੁਖਜੀਤ ਸਿੰਘ ਆਪਣਾ ਮਰਨ ਵਰਤ ਇੱਥੋਂ ਹੀ ਮੁਲਤਵੀ ਕਰਨਗੇ।
ਕੇਂਦਰ ਸਰਕਾਰ ਤੋਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਇਹ ਲੜਾਈ ਅਜੇ ਮੰਗਾਂ ਪੂਰੀਆਂ ਹੋਣ ਤੱਕ ਚੱਲੇਗੀ। ਇਸ ਕਰਕੇ ਇਕ ਤੋਂ ਬਾਅਦ ਇਕ ਕਿਸਾਨ ਆਗੂ ਮਰਣ ਵਰਤ ‘ਤੇ ਬੈਠਣਗੇ। ਕਿਸਾਨਾਂ ਨੇ ਇਹ ਵੀ ਵੱਡਾ ਐਲਾਨ ਕੀਤਾ ਹੈ ਕਿ ਪ੍ਰਾਣ ਤਿਆਗਣ ਤੋਂ ਬਾਅਦ ਉਨ੍ਹਾਂ ਦਾ ਸਸਕਾਰ ਨਹੀਂ ਹੋਵੇਗਾ, ਸਗੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਇੱਥੇ ਅੰਦੋਲਨ ‘ਤੇ ਰੱਖਿਆ ਜਾਵੇਗਾ ਅਤੇ ਵਿਰੋਧ ਖਤਮ ਹੋਣ ਤੋਂ ਬਾਅਦ ਹੀ ਉਸ ਦਾ ਸਸਕਾਰ ਕੀਤਾ ਜਾਵੇਗਾ।