Chandigarh News: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਸ਼ੁੱਕਰਵਾਰ ਦੇਰ ਸ਼ਾਮ ਰਿਹਾਅ ਕਰ ਦਿੱਤਾ ਗਿਆ। ਲੁਧਿਆਣਾ ਦੇ ਡੀਐਮਸੀ ਹਸਪਤਾਲ ਤੋਂ ਬਾਹਰ ਆਉਣ ਤੋਂ ਬਾਅਦ ਉਹ ਹਰਿਆਣਾ ਅਤੇ ਪੰਜਾਬ ਦੀ ਸਰਹੱਦ ਖਨੌਰੀ ਪਹੁੰਚ ਗਏ। ਰਾਤ 12 ਵਜੇ ਉਹ ਮਰਨ ਵਰਤ ’ਤੇ ਬੈਠ ਗਏ। ਇੱਥੇ ਸੁਖਜੀਤ ਸਿੰਘ ਹਰਦੋ ਝੰਡਾ ਪਹਿਲਾਂ ਹੀ ਮਰਨ ਵਰਤ ’ਤੇ ਬੈਠੇ ਹਨ।
ਦਸ ਦਇਏ ਕਿ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਰਾਤ ਕਰੀਬ 9 ਵਜੇ ਪੁਲਸ ਹਿਰਾਸਤ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ। ਕਿਸਾਨ ਆਗੂ ਪੰਧੇਰ ਤੇ ਹੋਰ ਕਿਸਾਨ ਉਨ੍ਹਾਂ ਨੂੰ ਲੈਣ ਲਈ ਖਨੌਰੀ ਸਰਹੱਦ ਤੋਂ ਲੁਧਿਆਣਾ ਪੁੱਜੇ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਸ਼ਾਮ ਖਨੌਰੀ ਬਾਰਡਰ ‘ਤੇ ਕਿਸਾਨਾਂ ਅਤੇ ਪੁਲਸ ਪ੍ਰਸ਼ਾਸਨ ਵਿਚਾਲੇ ਮੀਟਿੰਗ ਹੋਈ। ਕਰੀਬ ਡੇਢ ਘੰਟਾ ਚੱਲੀ ਇਸ ਮੀਟਿੰਗ ਵਿੱਚ ਪੁਲਸ ਪ੍ਰਸ਼ਾਸਨ ਨੇ ਕਿਸਾਨਾਂ ਅੱਗੇ ਝੁਕਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਡੀਐਮਸੀ ਹਸਪਤਾਲ ਤੋਂ ਰਿਹਾਅ ਕਰਨ ਦੀ ਹਾਮੀ ਭਰੀ।
1 ਦਸੰਬਰ ਨੂੰ ਧਰਨੇ ਸਬੰਧੀ ਲਿਆ ਜਾਵੇਗਾ ਫੈਸਲਾ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਡੱਲੇਵਾਲ ਨੂੰ ਰਿਹਾਅ ਕਰਨ ਦੀ ਮੰਗ ਮੰਨ ਲਈ ਹੈ। ਹੁਣ ਉਹ ਖਨੌਰੀ ਸਰਹੱਦ ‘ਤੇ ਮੋਰਚੇ ‘ਚ ਸਾਡੇ ਨਾਲ ਸ਼ਾਮਲ ਹੋਣਗੇ। ਡੱਲੇਵਾਲ ਵੱਲੋਂ ਇਕੱਠੇ ਹੋ ਕੇ 1 ਦਸੰਬਰ ਨੂੰ ਧਰਨੇ ਸਬੰਧੀ ਅਗਲੇਰੀ ਫੈਸਲਾ ਲਿਆ ਜਾਵੇਗਾ।
ਪੁਲਸ ਨੇ ਉਸ ਨੂੰ 26 ਨਵੰਬਰ ਨੂੰ ਹਿਰਾਸਤ ਵਿੱਚ ਲਿਆ ਸੀ
ਦੱਸ ਦੇਈਏ ਕਿ ਡੱਲੇਵਾਲ ਵੱਲੋਂ ਖਨੌਰੀ ਸਰਹੱਦ ‘ਤੇ ਮਰਨ ਵਰਤ ਰੱਖਿਆ ਗਿਆ ਸੀ। ਪਰ ਇਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਨੇ ਉਸ ਨੂੰ ਰਾਤ 2 ਵਜੇ ਖਨੌਰੀ ਸਰਹੱਦ ‘ਤੇ ਟੈਂਟ ਤੋਂ ਹਿਰਾਸਤ ‘ਚ ਲੈ ਲਿਆ। ਜਿਸ ਤੋਂ ਬਾਅਦ ਉਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਲਿਜਾਇਆ ਗਿਆ।