Lucknow News: ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਨੇ ਸੰਭਲ ਹਿੰਸਾ ਦੀ ਨਿਆਂਇਕ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਇਸ ਲਈ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜਸਟਿਸ (ਸੇਵਾਮੁਕਤ) ਡੀਕੇ ਅਰੋੜਾ ਦੀ ਅਗਵਾਈ ਹੇਠ ਕਮਿਸ਼ਨ ਦੋ ਮਹੀਨਿਆਂ ਵਿੱਚ ਆਪਣੀ ਜਾਂਚ ਰਿਪੋਰਟ ਸਰਕਾਰ ਨੂੰ ਸੌਂਪੇਗਾ।
ਜਸਟਿਸ ਅਰੋੜਾ ਤੋਂ ਇਲਾਵਾ ਕਮਿਸ਼ਨ ਵਿੱਚ ਸੇਵਾਮੁਕਤ ਆਈਏਐਸ ਅਧਿਕਾਰੀ ਅਮਿਤ ਮੋਹਨ ਪ੍ਰਸਾਦ ਅਤੇ ਸਾਬਕਾ ਡੀਜੀਪੀ ਏਕ ਜੈਨ ਸ਼ਾਮਲ ਹਨ। ਸੰਭਲ ਵਿੱਚ ਜਾਮਾ ਮਸਜਿਦ ਦਾ ਸਰਵੇਖਣ ਕਰਨ ਗਈ ਟੀਮ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਪ੍ਰਬੰਧ ਕੀਤੇ ਗਏ, ਇਸ ਦੀ ਵੀ ਜਾਂਚ ਕੀਤੀ ਜਾਵੇਗੀ। ਕਮਿਸ਼ਨ ਤੋਂ ਇਹ ਸੁਝਾਅ ਵੀ ਮੰਗੇ ਗਏ ਹਨ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਨੂੰ ਯਕੀਨੀ ਬਣਾਉਣ ਲਈ ਕੀ ਕੀਤਾ ਜਾ ਸਕਦਾ ਹੈ।
ਵਰਣਨਯੋਗ ਹੈ ਕਿ 24 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਵਿਚ ਜਾਮਾ ਮਸਜਿਦ ਦੇ ਸਰਵੇਖਣ ਦੌਰਾਨ ਭਾਈਚਾਰਾ ਵਿਸ਼ੇਸ਼ ਦੇ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋਏ ਅਤੇ ਹੰਗਾਮਾ ਕੀਤਾ। ਸਰਵੇ ਟੀਮ ‘ਤੇ ਹਮਲਾ ਕੀਤਾ। ਇੱਥੋਂ ਤੱਕ ਕਿ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਜ਼ਖਮੀ ਹੋ ਗਏ। ਕਥਿਤ ਗੋਲੀਬਾਰੀ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਵਾਹਨਾਂ ਨੂੰ ਸਾੜ ਦਿੱਤਾ ਗਿਆ।
ਹਿੰਦੂਸਥਾਨ ਸਮਾਚਾਰ