Punjab News: ਪੰਜਾਬ ਵਿਚ ਨਗਰ ਨਿਗਮ ਤੇ ਨਗਰ ਕੌੰਸਲ ਚੋਣਾਂ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਇਸ ਤਹਿਤ ਦਸੰਬਰ ਮਹੀਨੇ ਦੀ ਅਖ਼ੀਰ ਤਕ ਨਗਰ ਨਿਗਮ ਤੇ ਨਗਰ ਕੌੰਸਲ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਦੀਆਂ ਤਾਰੀਖ਼ਾਂ ਦਾ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ।
ਰਾਜ ਚੋਣ ਕਮਿਸ਼ਨ ਕਿਸੇ ਵੀ ਸਮੇਂ ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਲਈ ਤਾਰੀਖਾਂ ਦਾ ਐਲਾਨ ਕਰ ਸਕਦਾ ਹੈ। ਸਰਕਾਰ ਨੇ ਕਮਿਸ਼ਨ ਨੂੰ ਦਸੰਬਰ ਦੇ ਅੰਤ ਤੱਕ ਚੋਣਾਂ ਪੂਰੀ ਕਰਨ ਲਈ ਕਿਹਾ ਹੈ। ਇਸ ਮਾਮਲੇ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਆਪਣੇ ਸੁਝਾਅ ਭੇਜੇ ਹਨ।
ਇਸ ਵਿੱਚ ਇਹ ਗੱਲ ਵੀ ਉੱਭਰੀ ਹੈ ਕਿ 12 ਦਸੰਬਰ ਤੋਂ 31 ਦਸੰਬਰ ਤੱਕ ਸ਼ਹੀਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ, ਜਿਸ ਦੌਰਾਨ ਸਿੱਖ ਧਰਮ ਦੇ ਸਾਕੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ (6 ਜਨਵਰੀ) ਵਰਗੇ ਮਹੱਤਵਪੂਰਨ ਤਿਉਹਾਰ ਵੀ ਹਨ। ਭਾਜਪਾ ਨੇ ਮੰਗ ਕੀਤੀ ਹੈ ਕਿ ਚੋਣ ਸ਼ਡਿਊਲ ਤੈਅ ਕਰਦੇ ਸਮੇਂ ਇਨ੍ਹਾਂ ਪਵਿੱਤਰ ਦਿਹਾੜਿਆਂ ਦੀ ਪਵਿੱਤਰਤਾ ਨੂੰ ਧਿਆਨ ਵਿੱਚ ਰੱਖਿਆ ਜਾਵੇ, ਕਿਉਂਕਿ ਲੋਕ ਵੱਡੀ ਗਿਣਤੀ ਵਿੱਚ ਇਨ੍ਹਾਂ ਰਸਮਾਂ ਵਿੱਚ ਸ਼ਮੂਲੀਅਤ ਕਰਦੇ ਹਨ।
ਪੰਜਾਬ ਵਿੱਚ ਲੰਬੇ ਸਮੇਂ ਤੋਂ ਚੋਣਾਂ ਦੀ ਲਟਕਾਓ ਵਾਲੀ ਸਥਿਤੀ ਸੁਪਰੀਮ ਕੋਰਟ ਤੱਕ ਪਹੁੰਚ ਚੁੱਕੀ ਹੈ। ਕੋਰਟ ਨੇ 11 ਨਵੰਬਰ ਨੂੰ ਪੰਜਾਬ ਸਰਕਾਰ ਨੂੰ ਦਸ ਹਫ਼ਤਿਆਂ ਦੇ ਅੰਦਰ ਚੋਣਾਂ ਕਰਵਾਉਣ ਦਾ ਹੁਕਮ ਦਿੱਤਾ ਸੀ। ਇਸਦੇ ਨਾਲ, ਚੋਣ ਨੋਟੀਫਿਕੇਸ਼ਨ ਪੰਦਰਾਂ ਦਿਨਾਂ ਵਿੱਚ ਜਾਰੀ ਕਰਨ ਅਤੇ ਅੱਠ ਹਫ਼ਤਿਆਂ ਵਿੱਚ ਪੂਰੀ ਚੋਣ ਪ੍ਰਕਿਰਿਆ ਸੰਪੰਨ ਕਰਨ ਲਈ ਕਿਹਾ ਗਿਆ ਹੈ।
ਸੂਬਾ ਸਰਕਾਰ ਨੇ ਇਸ ਮਾਮਲੇ ਵਿੱਚ 6 ਨਵੰਬਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਦਾ ਰੁੱਖ ਕੀਤਾ ਸੀ। ਹਾਲਾਂਕਿ, 28 ਨਵੰਬਰ ਨੂੰ ਮਾਮਲਾ ਫਿਰ ਚੋਣ ਕਮਿਸ਼ਨ ਕੋਲ ਚਲਾ ਗਿਆ। ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਪਰ ਚੋਣਾਂ ਦੀ ਅਖੀਰ ਤਾਰੀਖ ਤੈਅ ਕਰਨੀ ਬਾਕੀ ਹੈ।