New Delhi: ਐਸਾਰ ਗਰੁੱਪ ਦੇ ਸਹਿ-ਸੰਸਥਾਪਕ ਸ਼ਸ਼ੀ ਰੁਈਆ (81) ਦਾ ਦੇਰ ਰਾਤ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਦਯੋਗਪਤੀ ਰੁਈਆ ਨੇ ਆਪਣੇ ਭਰਾ ਰਵੀ ਨਾਲ ਮਿਲ ਕੇ ਐਸਾਰ ਦੀ ਸਥਾਪਨਾ ਕੀਤੀ ਸੀ। ਰੂਈਆ ਆਪਣੇ ਪਿੱਛੇ ਪਤਨੀ ਮੰਜੂ ਅਤੇ ਦੋ ਪੁੱਤਰ ਪ੍ਰਸ਼ਾਂਤ ਅਤੇ ਅੰਸ਼ੁਮਨ ਛੱਡ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਈਆ ਦੇ ਦਿਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ।
ਪਰਿਵਾਰਕ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਉਦਯੋਗਪਤੀ ਸ਼ਸ਼ੀ ਰੁਈਆ ਦਾ 25 ਨਵੰਬਰ ਦੀ ਰਾਤ 11.55 ਵਜੇ ਮੁੰਬਈ ‘ਚ ਦਿਹਾਂਤ ਹੋ ਗਿਆ। ਉਹ ਕਰੀਬ ਇੱਕ ਮਹੀਨਾ ਪਹਿਲਾਂ ਅਮਰੀਕਾ ਤੋਂ ਇਲਾਜ ਕਰਵਾ ਕੇ ਵਾਪਸ ਆਏ ਸੀ। ਜਾਣਕਾਰੀ ਅਨੁਸਾਰ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਅੰਤਿਮ ਦਰਸ਼ਨਾਂ ਲਈ ਰੁਈਆ ਹਾਊਸ ਵਿਖੇ ਰੱਖਿਆ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਮ 4 ਵਜੇ ਰੂਈਆ ਹਾਊਸ ਤੋਂ ਹਿੰਦੂ ਵਰਲੀ ਸ਼ਮਸ਼ਾਨਘਾਟ ਲਈ ਰਵਾਨਾ ਹੋਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਸ਼ੀ ਰੁਈਆ ਦੇ ਦਿਹਾਂਤ ‘ਤੇ ਸੋਗ ਪ੍ਰਗਟ ਕਰਦੇ ਹੋਏ ਐਕਸ ਪੋਸਟ ‘ਤੇ ਲਿਖਿਆ ਹੈ ਕਿ ਉਹ ਇੰਡਸਟਰੀ ਦੀ ਮਹਾਨ ਸ਼ਖਸੀਅਤ ਸਨ। ਉਨ੍ਹਾਂ ਦੀ ਦੂਰਅੰਦੇਸ਼ੀ ਅਗਵਾਈ ਅਤੇ ਉੱਤਮਤਾ ਲਈ ਅਟੁੱਟ ਵਚਨਬੱਧਤਾ ਨੇ ਭਾਰਤ ਦੇ ਕਾਰੋਬਾਰੀ ਲੈਂਡਸਕੇਪ ਨੂੰ ਬਦਲ ਦਿੱਤਾ। ਉਨ੍ਹਾਂ ਦਾ ਦਿਹਾਂਤ ਬਹੁਤ ਦੁਖਦ ਹੈ। ਪ੍ਰਧਾਨ ਮੰਤਰੀ ਨੇ ਅੱਗੇ ਲਿਖਿਆ, “ਉਨ੍ਹਾਂ ਨੇ ਨਵੀਨਤਾ ਅਤੇ ਵਿਕਾਸ ਲਈ ਉੱਚੇ ਮਾਪਦੰਡ ਸਥਾਪਿਤ ਕੀਤੇ। ਉਨ੍ਹਾਂ ਕੋਲ ਹਮੇਸ਼ਾ ਕਈ ਵਿਚਾਰ ਹੁੰਦੇ ਸੀ….ਹਮੇਸ਼ਾ ਇਸ ਗੱਲ ’ਤੇ ਚਰਚਾ ਕਰਦੇ ਸੀ ਕਿ ਅਸੀਂ ਆਪਣੇ ਦੇਸ਼ ਨੂੰ ਕਿਵੇਂ ਬਿਹਤਰ ਬਣਾ ਸਕਦੇ ਹਾਂ।”
ਜ਼ਿਕਰਯੋਗ ਹੈ ਕਿ ਉਦਯੋਗਪਤੀ ਸ਼ਸ਼ੀ ਰੂਈਆ ਨੇ ਆਪਣੇ ਪਿਤਾ ਨੰਦ ਕਿਸ਼ੋਰ ਰੂਈਆ ਦੇ ਮਾਰਗਦਰਸ਼ਨ ‘ਚ 1965 ‘ਚ ਕਾਰੋਬਾਰੀ ਦੁਨੀਆ ‘ਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ, ਆਪਣੇ ਭਰਾ ਰਵੀ ਦੇ ਨਾਲ ਮਿਲਕੇ 1969 ਵਿੱਚ ਚੇਨਈ ਬੰਦਰਗਾਹ ‘ਤੇ ਇੱਕ ‘ਆਊਟਰ ਬ੍ਰੇਕਵਾਟਰ’ (ਲਹਿਰਾਂ, ਤੂਫਾਨਾਂ ਆਦਿ ਤੋਂ ਸੁਰੱਖਿਆ ਲਈ ਤੱਟਵਰਤੀ ਖੇਤਰ ਵਿੱਚ ਬਣਾਇਆ ਸਥਾਈ ਢਾਂਚਾ) ਬਣਾ ਕੇ ਐਸਾਰ ਕੰਪਨੀ ਦੀ ਨੀਂਹ ਰੱਖੀ। ਬਾਅਦ ਵਿੱਚ ਸਮੂਹ ਨੇ ਸਟੀਲ, ਤੇਲ ਸ਼ੁੱਧੀਕਰਨ, ਖੋਜ ਅਤੇ ਉਤਪਾਦਨ, ਦੂਰਸੰਚਾਰ, ਬਿਜਲੀ ਅਤੇ ਨਿਰਮਾਣ ਸਮੇਤ ਵੱਖ-ਵੱਖ ਖੇਤਰਾਂ ਵਿੱਚ ਵਿਸਤਾਰ ਕੀਤਾ। ਐਸਾਰ ਗਰੁੱਪ ਇੱਕ ਭਾਰਤੀ ਬਹੁ-ਰਾਸ਼ਟਰੀ ਸਮੂਹ ਕੰਪਨੀ ਹੈ।
ਹਿੰਦੂਸਥਾਨ ਸਮਾਚਾਰ