Chandigarh News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਦਯੋਗਪਤੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਪੰਜਾਬ ਵਿੱਚ ਆਪਣੇ ਉਦਯੋਗਾਂ ਦਾ ਵਿਸਥਾਰ ਕਰਨ, ਸੂਬਾ ਸਰਕਾਰ ਹਰ ਸੰਭਵ ਮਦਦ ਦੇਣ ਲਈ ਵਚਨਬੱਧ ਹੈ। ਮੁੱਖ ਮੰਤਰੀ ਪੀਐਚਡੀ ਚੈਂਬਰ ਆਫ਼ ਕਾਮਰਸ ਵੱਲੋਂ ਅੰਮ੍ਰਿਤਸਰ ਵਿੱਚ ਕਰਵਾਏ ਜਾ ਰਹੇ 18ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਦੇ ਬਰੋਸ਼ਰ ਨੂੰ ਰਿਲੀਜ਼ ਕਰਨ ਤੋਂ ਬਾਅਦ ਪੀਐਚਡੀਸੀਸੀਆਈ ਦੇ ਨੁਮਾਇੰਦਿਆਂ ਨਾਲ ਰੂਬਰੂ ਹੋ ਰਹੇ ਸਨ। ਇਸ ਵਾਰ ਪਾਈਟੈਕਸ ਦਾ ਆਯੋਜਨ 5 ਦਸੰਬਰ ਤੋਂ 9 ਦਸੰਬਰ ਤੱਕ ਅੰਮ੍ਰਿਤਸਰ ਵਿੱਚ ਕੀਤਾ ਜਾ ਰਿਹਾ ਹੈ।
ਪੀਐਚਡੀਸੀਸੀਆਈ ਪੰਜਾਬ ਚੈਪਟਰ ਦੇ ਚੇਅਰ ਕਰਨ ਗਿਲਹੋਤਰਾ ਦੀ ਅਗਵਾਈ ਵਿੱਚ ਨੁਮਾਇੰਦਿਆਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਪਾਈਟੈਕਸ ਬਾਰੇ ਜਾਣਕਾਰੀ ਦਿੱਤੀ। ਕਰਨ ਗਿਲਹੋਤਰਾ ਨੇ ਮੁੱਖ ਮੰਤਰੀ ਨੂੰ 19 ਸਾਲ ਪਹਿਲਾਂ ਸ਼ੁਰੂ ਕੀਤੇ ਗਏ ਪਾਈਟੈਕਸ ਦੇ ਨਾਲ-ਨਾਲ ਪੀਐਚਡੀਸੀਸੀਆਈ ਦੇ ਵਿਕਾਸ ਬਾਰੇ ਜਾਣਕਾਰੀ ਦਿੱਤੀ। ਸਿਰਫ਼ 50 ਕਾਰੋਬਾਰੀਆਂ ਨਾਲ ਸ਼ੁਰੂ ਹੋਇਆ, ਪਾਈਟੈਕਸ ਹੁਣ 500 ਤੋਂ ਵੱਧ ਵਪਾਰੀਆਂ ਦੀ ਮੇਜ਼ਬਾਨੀ ਕਰ ਰਿਹਾ ਹੈ। ਇੱਥੇ ਹਰ ਸਾਲ ਲੱਖਾਂ ਲੋਕ ਆਉਂਦੇ ਹਨ।
ਕਰਨ ਗਿਲਹੋਤਰਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪਾਈਟੈਕਸ ਰਾਹੀਂ ਕਾਰੋਬਾਰੀਆਂ ਨੂੰ ਇੱਕ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ ਹੈ ਜਿੱਥੇ ਉਹ ਆਪਣੇ ਨਵੇਂ ਉਤਪਾਦ ਲਾਂਚ ਕਰ ਸਕਦੇ ਹਨ। ਕਰਨ ਗਿਲਹੋਤਰਾ ਨੇ ਵੱਡੀ ਤਬਦੀਲੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਹਿਲਾਂ ਜਿੱਥੇ ਪੰਜਾਬ ਦੇ ਉਦਯੋਗਪਤੀ ਆਪਣਾ ਕੋਈ ਵੀ ਉਤਪਾਦ ਮਾਰਕੀਟ ‘ਚ ਉਤਾਰਨ ਲਈ ਦੇਸ਼ ਦੀ ਰਾਜਧਾਨੀ ਦਿੱਲੀ ਜਾਂਦੇ ਸਨ, ਉੱਥੇ ਹੀ ਹੁਣ ਪਾਈਟੈਕਸ ਦੌਰਾਨ ਵੀ ਉਹ ਉਤਪਾਦ ਪੰਜਾਬ ਦੀ ਮਾਰਕੀਟ ‘ਚ ਉਤਾਰੇ ਜਾ ਰਹੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਪੀਐੱਚਡੀਸੀਸੀਆਈ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਦਯੋਗਪਤੀਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ ਜਦਕਿ ਉਦਯੋਗਿਕ ਨੀਤੀ ਨੂੰ ਵੀ ਸਰਲ ਬਣਾਇਆ ਗਿਆ ਹੈ। ਪੰਜਾਬ ਵਿੱਚ ਆਪਣਾ ਕਾਰੋਬਾਰ ਵਧਾਉਣ ਦੇ ਚਾਹਵਾਨ ਉਦਯੋਗਪਤੀਆਂ ਨੂੰ ਹਰ ਤਰ੍ਹਾਂ ਦੀਆਂ ਮਨਜ਼ੂਰੀਆਂ ਸਮਾਂਬੱਧ ਢੰਗ ਨਾਲ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਪੀਐਚਡੀਸੀਸੀਆਈ ਦੀ ਖੇਤਰੀ ਡਾਇਰੈਕਟਰ ਭਾਰਤੀ ਸੂਦ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਪ੍ਰਚਾਰ ਕਰਕੇ ਜਿੱਥੇ ਛੋਟੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਚੈਂਬਰ ਆਪਣੀ ਭੂਮਿਕਾ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ, ਉੱਥੇ ਹੀ ਹਾਲ ਹੀ ਵਿੱਚ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪਰਾਲੀ ਪ੍ਰਬੰਧਨ ਵਿਸ਼ੇ ‘ਤੇ ਇੱਕ ਕਾਨਫਰੰਸ ਕਰਕੇ ਸੂਬੇ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ, ਜੋ ਟਿਕਾਊ ਵਿਕਾਸ ਪ੍ਰਤੀ ਇਸ ਦੇ ਸਮਰਪਣ ਨੂੰ ਦਰਸਾਉਂਦਾ ਹੈ। ਉਮੀਦ ਹੈ ਕਿ ਪਾਈਟੈਕਸ-2024 ਇੱਕ ਅਧਾਰ ਪ੍ਰੋਗਰਾਮ ਹੋਵੇਗਾ ਜੋ ਵਪਾਰ, ਨਵੀਨਤਾ ਅਤੇ ਕਾਰੋਬਾਰਾਂ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ ਅਤੇ ਇੱਕ ਉਦਯੋਗਿਕ ਕੇਂਦਰ ਵਜੋਂ ਪੰਜਾਬ ਦੀ ਸਥਿਤੀ ਨੂੰ ਮਜ਼ਬੂਤ ਕਰੇਗਾ।
ਹਿੰਦੂਸਥਾਨ ਸਮਾਚਾਰ