New Delhi: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਸੰਭਲ ‘ਚ ਮਸਜਿਦ ‘ਚ ਸਰਵੇ ਕਰਵਾਉਣ ਦੇ ਪ੍ਰਸ਼ਾਸਨਿਕ ਆਦੇਸ਼ ਤੋਂ ਬਾਅਦ ਹੋਈ ਹਿੰਸਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ ਅਤੇ ਮਾਮਲੇ ‘ਚ ਸੁਪਰੀਮ ਕੋਰਟ ਤੋਂ ਦਖਲ ਦੇਣ ਦੀ ਮੰਗ ਕੀਤੀ ਹੈ। ਕਾਂਗਰਸੀ ਆਗੂ ਨੇ ਇਸ ਲਈ ਸਿੱਧੇ ਤੌਰ ‘ਤੇ ਸੂਬੇ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰਾਹੁਲ ਨੇ ਕਿਹਾ ਹੈ ਕਿ ਪ੍ਰਸ਼ਾਸਨ ਦੀ ਅਸੰਵੇਦਨਸ਼ੀਲਤਾ ਕਾਰਨ ਸੰਭਲ ‘ਚ ਮਾਹੌਲ ਖਰਾਬ ਹੋਇਆ ਹੈ।
ਰਾਹੁਲ ਨੇ ਕਿਹਾ ਕਿ ਸੰਭਲ ‘ਚ ਹਾਲ ਹੀ ‘ਚ ਹੋਏ ਵਿਵਾਦ ‘ਤੇ ਸੂਬਾ ਸਰਕਾਰ ਦਾ ਪੱਖਪਾਤ ਅਤੇ ਜਲਦਬਾਜ਼ੀ ਵਾਲਾ ਰਵੱਈਆ ਬੇਹੱਦ ਮੰਦਭਾਗਾ ਹੈ। ਹਿੰਸਾ ਅਤੇ ਗੋਲੀਬਾਰੀ ਵਿੱਚ ਆਪਣੇ ਪਿਆਰਿਆਂ ਨੂੰ ਗੁਆਉਣ ਵਾਲਿਆਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ। ਪ੍ਰਸ਼ਾਸਨ ਵੱਲੋਂ ਸਾਰੀਆਂ ਧਿਰਾਂ ਦੀ ਗੱਲ ਸੁਣੇ ਬਿਨਾਂ ਕੀਤੀ ਗਈ ਅਸੰਵੇਦਨਸ਼ੀਲ ਕਾਰਵਾਈ ਨੇ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਅਤੇ ਕਈ ਲੋਕਾਂ ਦੀ ਜਾਨ ਲੈ ਲਈ। ਇਸ ਲਈ ਸਿੱਧੇ ਤੌਰ ‘ਤੇ ਭਾਜਪਾ ਸਰਕਾਰ ਜ਼ਿੰਮੇਵਾਰ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਦੀ ਸੱਤਾ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਪਾੜਾ ਅਤੇ ਵਿਤਕਰਾ ਪੈਦਾ ਕਰ ਰਹੀ ਹੈ। ਇਹ ਉੱਤਰ ਪ੍ਰਦੇਸ਼ ਅਤੇ ਦੇਸ਼ ਦੇ ਹਿੱਤ ਵਿੱਚ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਸ਼ਾਂਤੀ ਅਤੇ ਆਪਸੀ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ। ਰਾਹੁਲ ਗਾਂਧੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਭਾਰਤ ਫਿਰਕਾਪ੍ਰਸਤੀ ਅਤੇ ਨਫ਼ਰਤ ਦੀ ਬਜਾਏ ਏਕਤਾ ਅਤੇ ਸੰਵਿਧਾਨ ਦੇ ਮਾਰਗ ‘ਤੇ ਅੱਗੇ ਵਧੇ।
ਹਿੰਦੂਸਥਾਨ ਸਮਾਚਾਰ