Assembly Election Results: ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨ ਸਭਾ ਚੋਣਾਂ ਅਤੇ 15 ਰਾਜਾਂ ਦੀਆਂ 48 ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਦੇ ਰੁਝਾਨ ਸੱਤਾਧਾਰੀ ਪਾਰਟੀਆਂ ਦੀ ਵਾਪਸੀ ਦਿਖ ਰਹੀ ਹੈ। ਝਾਰਖੰਡ ‘ਚ ਝਾਰਖੰਡ ਮੁਕਤੀ ਮੋਰਚਾ ਦੀ ਅਗਵਾਈ ਵਾਲੇ ਇੰਡੀਆ ਗਠਜੋੜ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ, ਜਦਕਿ ਦੂਜੇ ਪਾਸੇ ਮਹਾਰਾਸ਼ਟਰ ‘ਚ ਭਾਜਪਾ ਦੀ ਅਗਵਾਈ ਵਾਲੇ ਮਹਾਯੁਤੀ ਗਠਜੋੜ ਨੂੰ ਵੱਡਾ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ।
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਝਾਰਖੰਡ ਦੀਆਂ 81 ਸੀਟਾਂ ‘ਚੋਂ ਝਾਰਖੰਡ ਮੁਕਤੀ ਮੋਰਚਾ 29 ਸੀਟਾਂ ‘ਤੇ, ਕਾਂਗਰਸ 13 ‘ਤੇ ਅਤੇ ਰਾਸ਼ਟਰੀ ਜਨਤਾ ਦਲ 5 ਸੀਟਾਂ ‘ਤੇ ਅੱਗੇ ਹੈ। ਭਾਜਪਾ 28 ਸੀਟਾਂ ‘ਤੇ ਅੱਗੇ, ਏਜੇਐੱਸਯੂ, ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਅਤੇ ਜਨਤਾ ਦਲ (ਯੂ) ਇਕ-ਇਕ ਸੀਟ ‘ਤੇ ਅੱਗੇ ਹਨ। ਇਸ ਤੋਂ ਇਲਾਵਾ ਸੀਪੀਆਈਐਮਐਲ ਇੱਕ ਅਤੇ ਇੱਕ ਸੀਟ ‘ਤੇ ਆਜ਼ਾਦ ਉਮੀਦਵਾਰ ਅੱਗੇ ਹਨ।
ਮਹਾਰਾਸ਼ਟਰ ਦੀਆਂ 288 ਸੀਟਾਂ ‘ਤੇ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰ ਰਹੀ ਹੈ। ਭਾਜਪਾ 126 ਸੀਟਾਂ ‘ਤੇ, ਸ਼ਿਵ ਸੈਨਾ 54 ਸੀਟਾਂ ‘ਤੇ ਅਤੇ ਐਨਸੀਪੀ 35 ਸੀਟਾਂ ‘ਤੇ ਅੱਗੇ ਹੈ। ਦੂਜੇ ਪਾਸੇ ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) 19 ਸੀਟਾਂ ‘ਤੇ, ਕਾਂਗਰਸ 18 ਸੀਟਾਂ ‘ਤੇ ਅਤੇ ਐਨਸੀਪੀ (ਸ਼ਰਦਚੰਦਰ ਪਵਾਰ) 14 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਐਮਆਈਐਮਆਈਐਮ ਨੂੰ 2 ਸੀਟਾਂ ‘ਤੇ, ਸਮਾਜਵਾਦੀ ਪਾਰਟੀ ਨੂੰ 2 ਸੀਟਾਂ ‘ਤੇ ਲੀਡ ਮਿਲੀ ਹੋਈ ਹੈ। ਇਸ ਤੋਂ ਇਲਾਵਾ ਹੋਰ ਪਾਰਟੀਆਂ 7 ਸੀਟਾਂ ‘ਤੇ ਅੱਗੇ ਚੱਲ ਰਹੀਆਂ ਹਨ ਅਤੇ ਆਜ਼ਾਦ ਉਮੀਦਵਾਰ ਵੀ 7 ਸੀਟਾਂ ‘ਤੇ ਅੱਗੇ ਚੱਲ ਰਹੇ ਹਨ।
ਲੋਕ ਸਭਾ ਦੀਆਂ ਵਾਇਨਾਡ ਅਤੇ ਨਾਂਦੇੜ ਸੀਟਾਂ ‘ਤੇ ਹੋਈਆਂ ਉਪ ਚੋਣਾਂ ‘ਚ ਪ੍ਰਿਅੰਕਾ ਗਾਂਧੀ ਵਾਡਰਾ (ਕਾਂਗਰਸ) ਵਾਇਨਾਡ ਸੀਟ ‘ਤੇ ਅਤੇ ਡਾ. ਸੰਤੁਕਰਾਓ ਮਾਰੋਤਰਾਓ ਹੰਬਰਡੇ (ਭਾਜਪਾ) ਮਹਾਰਾਸ਼ਟਰ ਦੀ ਨਾਂਦੇੜ ਸੀਟ ‘ਤੇ ਅੱਗੇ ਚੱਲ ਰਹੇ ਹਨ।
ਉੱਥੇ ਹੀ ਦੇਸ਼ ਭਰ ਦੀਆਂ 48 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ‘ਚ ਅਸਾਮ ਦੀਆਂ 5 ਸੀਟਾਂ ‘ਚੋਂ ਦੋ ‘ਤੇ ਭਾਜਪਾ, ਇਕ ‘ਤੇ ਅਸਮ ਗਣ ਪ੍ਰੀਸ਼ਦ, ਇਕ ‘ਤੇ ਯੂਪੀਪੀ ਲਿਬਰਲ ਅਤੇ ਇਕ ‘ਤੇ ਕਾਂਗਰਸ ਅੱਗੇ ਹੈ।
ਬਿਹਾਰ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਚੋਂ ਭਾਜਪਾ ਦੋ ‘ਤੇ ਅੱਗੇ ਹੈ ਅਤੇ ਸਹਿਯੋਗੀ ਜਨਤਾ ਦਲ (ਯੂ) ਅਤੇ ਹਿੰਦੁਸਤਾਨੀ ਅਵਾਮ ਮੋਰਚਾ (ਸੈਕੂਲਰ) ਦੋ ‘ਤੇ ਅੱਗੇ ਹਨ।
ਛੱਤੀਸਗੜ੍ਹ ਦੀ ਇੱਕ ਸੀਟ ’ਤੇ ਭਾਜਪਾ ਤੇ ਅਤੇ ਗੁਜਰਾਤ ਦੀ ਵਾਵ ਸੀਟ ‘ਤੇ ਕਾਂਗਰਸ ਅੱਗੇ ਹੈ।
ਕਰਨਾਟਕ ਦੀਆਂ ਤਿੰਨੋਂ ਸੀਟਾਂ ‘ਤੇ ਕਾਂਗਰਸ ਪਾਰਟੀ ਅੱਗੇ ਹੈ। ਕੇਰਲ ਦੀਆਂ ਦੋ ਸੀਟਾਂ ਵਿੱਚੋਂ ਕਾਂਗਰਸ ਇੱਕ ਤੇ ਸੀਪੀਐਮ ਇੱਕ ਉੱਤੇ ਅੱਗੇ ਹੈ।
ਮੱਧ ਪ੍ਰਦੇਸ਼ ‘ਚ ਭਾਜਪਾ ਦੋ ਸੀਟਾਂ ‘ਤੇ ਅੱਗੇ ਹੈ।
ਮੇਘਾਲਿਆ ਦੀ ਇੱਕ ਸੀਟ ‘ਤੇ ਐਨਪੀਪੀ ਪਾਰਟੀ ਅੱਗੇ ਹੈ।
ਪੰਜਾਬ ਦੀਆਂ 4 ਸੀਟਾਂ ‘ਚੋਂ ਆਮ ਆਦਮੀ ਪਾਰਟੀ ਤਿੰਨ ਤੇ ਕਾਂਗਰਸ ਇਕ ‘ਤੇ ਅੱਗੇ ਹੈ।
ਰਾਜਸਥਾਨ ਦੀਆਂ 7 ਸੀਟਾਂ ‘ਚੋਂ ਭਾਜਪਾ ਤਿੰਨ ‘ਤੇ, ਕਾਂਗਰਸ ਦੋ ‘ਤੇ ਅਤੇ ਭਾਰਤੀ ਟ੍ਰਾਈਬਲ ਪਾਰਟੀ ਦੋ ‘ਤੇ ਅੱਗੇ ਹੈ।
ਸਿੱਕਮ ਦੀਆਂ ਦੋ ਸੀਟਾਂ ‘ਤੇ ਪਹਿਲਾਂ ਹੀ ਨਿਰਵਿਰੋਧ ਚੋਣਾਂ ਹੋ ਚੁੱਕੀਆਂ ਹਨ। ਦੋਵੇਂ ਸੀਟਾਂ ਸਿੱਕਮ ਕ੍ਰਾਂਤੀਕਾਰੀ ਮੋਰਚਾ ਕੋਲ ਗਈਆਂ ਹਨ।
ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੀਆਂ 9 ਸੀਟਾਂ ‘ਚੋਂ ਭਾਜਪਾ 5 ਸੀਟਾਂ ‘ਤੇ, ਰਾਸ਼ਟਰੀ ਲੋਕ ਦਲ ਇਕ ਸੀਟ ‘ਤੇ ਅਤੇ ਸਮਾਜਵਾਦੀ ਪਾਰਟੀ ਤਿੰਨ ਸੀਟਾਂ ‘ਤੇ ਅੱਗੇ ਹੈ।
ਉੱਤਰਾਖੰਡ ਦੀ ਇੱਕੋ ਇੱਕ ਸੀਟ ਕੇਦਾਰਨਾਥ ਭਾਜਪਾ ਦੇ ਖਾਤੇ ਵਿੱਚ ਜਾਂਦੀ ਨਜ਼ਰ ਆ ਰਹੀ ਹੈ।
ਪੱਛਮੀ ਬੰਗਾਲ ਦੀਆਂ 6 ਸੀਟਾਂ ‘ਤੇ ਹੋਈਆਂ ਉਪ ਚੋਣਾਂ ‘ਚ ਤ੍ਰਿਣਮੂਲ ਕਾਂਗਰਸ ਸਾਰੀਆਂ ਸੀਟਾਂ ‘ਤੇ ਅੱਗੇ ਚੱਲ ਰਹੀ ਹੈ।