Perth, Aus: ਤੇਜ਼ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਇੱਥੇ ਪਰਥ ‘ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਆਸਟ੍ਰੇਲੀਆ ਨੂੰ ਪਹਿਲੀ ਪਾਰੀ ‘ਚ 104 ਦੌੜਾਂ ‘ਤੇ ਹੀ ਆਊਟ ਕਰ ਦਿੱਤਾ। ਭਾਰਤ ਲਈ ਕਪਤਾਨ ਜਸਪ੍ਰੀਤ ਬੁਮਰਾਹ ਨੇ 5 ਵਿਕਟਾਂ ਲਈਆਂ। ਇਸ ਨਾਲ ਭਾਰਤ ਨੂੰ ਪਹਿਲੀ ਪਾਰੀ ਦੇ ਆਧਾਰ ‘ਤੇ 46 ਦੌੜਾਂ ਦੀ ਬੜ੍ਹਤ ਮਿਲ ਗਈ ਹੈ। ਭਾਰਤੀ ਟੀਮ ਪਹਿਲੀ ਪਾਰੀ ‘ਚ ਸਿਰਫ 150 ਦੌੜਾਂ ‘ਤੇ ਹੀ ਸਿਮਟ ਗਈ ਸੀ।
150 ਦੌੜਾਂ ‘ਤੇ ਆਲ ਆਊਟ ਹੋਣ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਭਾਰਤੀ ਟੀਮ ਮੈਚ ‘ਚ ਪਛੜ ਜਾਵੇਗੀ ਪਰ ਕਪਤਾਨ ਜਸਪ੍ਰੀਤ ਬੁਮਰਾਹ ਦੀ ਅਗਵਾਈ ‘ਚ ਤੇਜ਼ ਗੇਂਦਬਾਜ਼ਾਂ ਨੇ ਭਾਰਤੀ ਟੀਮ ਨੂੰ ਸ਼ਾਨਦਾਰ ਵਾਪਸੀ ਕਰਵਾਈ।
ਬੁਮਰਾਹ-ਹਰਸ਼ਿਤ ਰਾਣਾ ਦਾ ਚੱਲਿਆ ਜਾਦੂ
ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਆਸਟ੍ਰੇਲੀਆ ਦੇ ਸਿਖਰਲੇ ਕ੍ਰਮ ਨੂੰ ਹਿਲਾ ਦਿੱਤਾ। ਉਨ੍ਹਾਂ ਨੇ ਨਾਥਨ ਮੈਕਸਵੀਨੀ (10), ਉਸਮਾਨ ਖਵਾਜਾ (08) ਅਤੇ ਸਟੀਵਨ ਸਮਿਥ (00) ਨੂੰ ਸਿਰਫ਼ 19 ਦੌੜਾਂ ਦੇ ਕੁੱਲ ਸਕੋਰ ‘ਤੇ ਪਵੇਲੀਅਨ ਭੇਜ ਦਿੱਤਾ। ਇਸ ਤੋਂ ਬਾਅਦ ਹਰਸ਼ਿਤ ਰਾਣਾ ਨੇ 31 ਦੇ ਕੁੱਲ ਸਕੋਰ ‘ਤੇ ਟ੍ਰੈਵਿਸ ਹੈੱਡ (11) ਨੂੰ ਬੋਲਡ ਕਰਕੇ ਭਾਰਤ ਨੂੰ ਵੱਡੀ ਸਫਲਤਾ ਦਿਵਾਈ। ਸਿਰਾਜ ਨੇ 38 ਦੇ ਕੁੱਲ ਸਕੋਰ ‘ਤੇ ਮਿਸ਼ੇਲ ਮੋਰਸ਼ ਨੂੰ ਕੇਐੱਲ ਰਾਹੁਲ ਹੱਥੋਂ ਕੈਚ ਕਰਵਾ ਕੇ ਆਸਟ੍ਰੇਲੀਆ ਨੂੰ ਪੰਜਵਾਂ ਝਟਕਾ ਦਿੱਤਾ।
47 ਦੇ ਕੁੱਲ ਸਕੋਰ ‘ਤੇ ਸਿਰਾਜ ਨੇ ਮੈਚ ‘ਚ ਆਪਣੀ ਦੂਜੀ ਵਿਕਟ ਐੱਲ.ਬੀ.ਡਬਲਯੂ ਰਾਹੀਂ ਮਾਰਨਸ ਲੈਬੁਸ਼ਗਨ (02) ਨੂੰ ਆਉਟ ਕੀਤਾ ਅਤੇ ਭਾਰਤ ਨੂੰ ਛੇਵੀਂ ਸਫਲਤਾ ਦਿਵਾਈ। 59 ਦੇ ਕੁੱਲ ਸਕੋਰ ‘ਤੇ ਜਸਪ੍ਰੀਤ ਬੁਮਰਾਹ ਨੇ ਪੈਟ ਕਮਿੰਸ (03) ਨੂੰ ਆਊਟ ਕਰਕੇ ਆਸਟ੍ਰੇਲੀਆ ਨੂੰ ਸੱਤਵਾਂ ਝਟਕਾ ਦਿੱਤਾ। ਮੈਚ ਵਿੱਚ ਬੁਮਰਾਹ ਦਾ ਇਹ ਚੌਥਾ ਵਿਕਟ ਸੀ। ਇਸ ਤੋਂ ਬਾਅਦ ਬੁਮਰਾਹ ਨੇ ਐਲੇਕਸ ਕੈਰੀ (21) ਨੂੰ 70 ਦੇ ਕੁੱਲ ਸਕੋਰ ‘ਤੇ ਆਊਟ ਕਰਕੇ ਆਪਣੀਆਂ ਪੰਜ ਵਿਕਟਾਂ ਪੂਰੀਆਂ ਕੀਤੀਆਂ। ਇਸ ਤੋਂ ਬਾਅਦ ਹਰਸ਼ਿਤ ਰਾਣਾ ਨੇ 79 ਦੇ ਕੁੱਲ ਸਕੋਰ ‘ਤੇ ਨਾਥਨ ਲਿਓਨ (05) ਨੂੰ ਆਊਟ ਕਰਕੇ ਭਾਰਤ ਨੂੰ ਨੌਵੀਂ ਸਫਲਤਾ ਦਿਵਾਈ।
ਇੱਥੋਂ ਮਿਸ਼ੇਲ ਸਟਾਰਕ ਅਤੇ ਜੋਸ਼ ਹੇਜ਼ਲਵੁੱਡ ਨੇ 25 ਦੌੜਾਂ ਦੀ ਸਾਂਝੇਦਾਰੀ ਕਰਕੇ ਆਸਟ੍ਰੇਲੀਆਈ ਟੀਮ ਦਾ ਸਕੋਰ 104 ਦੌੜਾਂ ਤੱਕ ਪਹੁੰਚਾਇਆ। ਹਰਸ਼ਿਤ ਨੇ ਇਸ ਸਕੋਰ ‘ਤੇ ਸਟਾਰਕ ਨੂੰ ਆਊਟ ਕਰਕੇ ਆਸਟ੍ਰੇਲੀਆਈ ਪਾਰੀ ਦਾ ਅੰਤ ਕੀਤਾ। ਆਸਟ੍ਰੇਲੀਆ ਲਈ ਸਟਾਰਕ ਨੇ ਸਭ ਤੋਂ ਵੱਧ 26 ਦੌੜਾਂ ਬਣਾਈਆਂ। ਜੋਸ਼ ਹੇਜ਼ਲਵੁੱਡ 7 ਦੌੜਾਂ ਬਣਾ ਕੇ ਨਾਬਾਦ ਪਰਤੇ।
ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 5, ਹਰਸ਼ਿਤ ਰਾਣਾ ਨੇ 3 ਅਤੇ ਮੁਹੰਮਦ ਸਿਰਾਜ ਨੇ 2 ਵਿਕਟਾਂ ਲਈਆਂ।
ਭਾਰਤ ਦੀ ਪਹਿਲੀ ਪਾਰੀ 150 ਦੌੜਾਂ ‘ਤੇ ਹੀ ਸਿਮਟ ਗਈ
ਇਸ ਤੋਂ ਪਹਿਲਾਂ ਮੈਚ ਵਿੱਚ ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਬੱਲੇਬਾਜ਼ਾਂ ਨੇ ਇਕ ਵਾਰ ਫਿਰ ਨਿਰਾਸ਼ ਕੀਤਾ ਅਤੇ ਪੂਰੀ ਟੀਮ ਸਿਰਫ 150 ਦੌੜਾਂ ‘ਤੇ ਹੀ ਸਿਮਟ ਗਈ। ਭਾਰਤ ਲਈ ਨਿਤੀਸ਼ ਰੈੱਡੀ ਨੇ ਸਭ ਤੋਂ ਵੱਧ 41 ਦੌੜਾਂ ਬਣਾਈਆਂ। ਨਿਤੀਸ਼ ਤੋਂ ਇਲਾਵਾ ਰਿਸ਼ਭ ਪੰਤ ਨੇ 37 ਅਤੇ ਕੇਐਲ ਰਾਹੁਲ ਨੇ 26 ਦੌੜਾਂ ਬਣਾਈਆਂ।
ਆਸਟ੍ਰੇਲੀਆ ਲਈ ਜੋਸ਼ ਹੇਜ਼ਲਵੁੱਡ ਨੇ 4, ਮਿਸ਼ੇਲ ਸਟਾਰਕ, ਪੈਟ ਕਮਿੰਸ ਅਤੇ ਮਿਸ਼ੇਲ ਮੋਰਸ਼ ਨੇ 2-2 ਵਿਕਟਾਂ ਲਈਆਂ।
ਹਿੰਦੂਸਥਾਨ ਸਮਾਚਾਰ