New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਆਨਾ ਵਿੱਚ ਭਾਰਤੀ ਭਾਈਚਾਰੇ ਨੂੰ ਜਨਵਰੀ 2025 ਵਿੱਚ ਭਾਰਤ ਵਿੱਚ ਹੋਣ ਵਾਲੇ ਮਹਾਕੁੰਭ ਅਤੇ ਪ੍ਰਵਾਸੀ ਭਾਰਤੀ ਦਿਵਸ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ। ਉਨ੍ਹਾਂ ਨੇ ਪ੍ਰਵਾਸੀ ਮੈਂਬਰਾਂ ਨੂੰ ‘ਰਾਸ਼ਟਰਦੂਤ’ ਯਾਨੀ ਭਾਰਤ ਦੀ ਸੰਸਕ੍ਰਿਤੀ ਅਤੇ ਕਦਰਾਂ-ਕੀਮਤਾਂ ਦੇ ਰਾਜਦੂਤ ਕਿਹਾ ਅਤੇ ਉਨ੍ਹਾਂ ਨੂੰ ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵੱਡੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ “ਸਮੁੰਦਰ ਪਾਰ ਹੋਣ ਦੇ ਬਾਵਜੂਦ, ਭਾਰਤ ਮਾਤਾ ਨਾਲ ਸਾਡੇ ਸੱਭਿਆਚਾਰਕ ਸਬੰਧ ਮਜ਼ਬੂਤ ਹਨ।’’ ਪ੍ਰਧਾਨ ਮੰਤਰੀ ਨੇ ਜਾਰਜਟਾਊਨ ਦੇ ਨੈਸ਼ਨਲ ਸੈਂਟਰ ਵਿਖੇ ਭਾਰਤੀ ਪ੍ਰਵਾਸੀਆਂ ਦੀ ਇੱਕ ਸਭਾ ਨੂੰ ਸੰਬੋਧਨ ਕੀਤਾ। ਇਸ ਪ੍ਰੋਗਰਾਮ ’ਚ ਰਾਸ਼ਟਰਪਤੀ ਇਰਫਾਨ ਅਲੀ, ਪ੍ਰਧਾਨ ਮੰਤਰੀ ਮਾਰਕ ਫਿਲਿਪਸ ਅਤੇ ਹੋਰ ਪਤਵੰਤੇ ਮੌਜੂਦ ਰਹੇ। ਸਮਾਗਮ ਵਾਲੀ ਥਾਂ ‘ਤੇ ਪਹੁੰਚਣ ‘ਤੇ ਪ੍ਰਧਾਨ ਮੰਤਰੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਪ੍ਰਧਾਨ ਮੰਤਰੀ ਨੇ ਖਾਸ ਕਰਕੇ ਤਕਨਾਲੋਜੀ, ਬੁਨਿਆਦੀ ਢਾਂਚੇ ਅਤੇ ਸਥਿਰਤਾ ਦੇ ਖੇਤਰਾਂ ਵਿੱਚ ਭਾਰਤ ਦੀ ਤੇਜ਼ ਪ੍ਰਗਤੀ ਅਤੇ ਤਬਦੀਲੀ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਵਿੱਤੀ ਸਮਾਵੇਸ਼, ਔਰਤਾਂ ਦੀ ਅਗਵਾਈ ਵਾਲੇ ਵਿਕਾਸ ਅਤੇ ਸਮਾਵੇਸ਼ੀ ਵਿਕਾਸ ਵਰਗੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ। ਭਾਰਤ-ਗੁਆਨਾ ਸਬੰਧਾਂ ਨੂੰ ਵਿਸ਼ੇਸ਼ ਤੌਰ ’ਤੇ ਦਰਸਾਉਂਦੇ ਹੋਏ, ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਇਤਿਹਾਸਕ ਰਾਜ ਯਾਤਰਾ ਦੌਰਾਨ ਕਈ ਨਵੇਂ ਸਮਝੌਤਿਆਂ ‘ਤੇ ਹਸਤਾਖਰ ਕੀਤੇ ਗਏ ਹਨ ਅਤੇ ਇਹ ਭੋਜਨ ਸੁਰੱਖਿਆ, ਰੱਖਿਆ, ਊਰਜਾ ਸਹਿਯੋਗ ਅਤੇ ਜਲਵਾਯੂ ਤਬਦੀਲੀ ਕਾਰਵਾਈ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਗੇ।
ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਅਲੀ ਦਾ ਉਨ੍ਹਾਂ ਦੀ ਪਰਾਹੁਣਚਾਰੀ ਲਈ ਅਤੇ ਗੁਆਨਾ ਦੇ ਸਰਵਉੱਚ ਰਾਸ਼ਟਰੀ ਪੁਰਸਕਾਰ ‘ਆਰਡਰ ਆਫ਼ ਐਕਸੀਲੈਂਸ’ ਨਾਲ ਸਨਮਾਨਤ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਇਹ ਸਨਮਾਨ ਭਾਰਤ ਅਤੇ ਗੁਆਨਾ ਦਰਮਿਆਨ ਦੋਸਤੀ ਦੇ ਵਿਸ਼ੇਸ਼ ਬੰਧਨ ਨੂੰ ਸਮਰਪਿਤ ਕੀਤਾ, ਜੋ ਕਿ ਸਾਂਝੀ ਵਿਰਾਸਤ ਅਤੇ ਪਰਿਵਾਰਕ ਸਬੰਧਾਂ ‘ਤੇ ਆਧਾਰਿਤ ਹੈ। ਭਾਰਤ-ਗੁਆਰਾ ਫੇਰੀ ਦੇ ਇਤਿਹਾਸ ‘ਤੇ ਵਿਚਾਰ ਕਰਦੇ ਹੋਏ, ਉਨ੍ਹਾਂ ਸਾਰੇ ਹਾਲਾਤਾਂ ਲਈ ਭਾਈਚਾਰੇ ਦੀ ਅਨੁਕੂਲਤਾ, ਸੱਭਿਆਚਾਰਕ ਅਮੀਰੀ ਅਤੇ ਗੁਆਨਾ ਦੀ ਕਿਸਮਤ ਨੂੰ ਆਕਾਰ ਦੇਣ ਵਿੱਚ ਇਸਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ।
ਹਿੰਦੂਸਥਾਨ ਸਮਾਚਾਰ