Nadal Announced for Retirement: ਨੀਦਰਲੈਂਡ ਦੇ ਖਿਲਾਫ ਆਪਣੇ ਘਰੇਲੂ ਮੈਦਾਨ ’ਤੇ ਡੇਵਿਸ ਕੱਪ ਮੁਕਾਬਲੇ ਤੋਂ ਬਾਅਦ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈਣ ਵਾਲੇ ਦਿੱਗਜ਼ ਸਪੈਨਿਸ਼ ਟੈਨਿਸ ਸਟਾਰ ਰਾਫੇਲ ਨਡਾਲ ਨੇ ਕਿਹਾ ਕਿ ਉਹ ਆਪਣੇ ਸ਼ੌਕ ਨੂੰ ਇੱਕ ਸ਼ਾਨਦਾਰ ਕਰੀਅਰ ਵਿੱਚ ਬਦਲਣ ਲਈ ਬਹੁਤ ਖੁਸ਼ਕਿਸਮਤ ਹਨ।
22 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨਡਾਲ ਦਾ ਪੇਸ਼ੇਵਰ ਟੈਨਿਸ ਸਫਰ ਮੰਗਲਵਾਰ ਦੇਰ ਰਾਤ ਡੇਵਿਸ ਕੱਪ ‘ਚ ਨੀਦਰਲੈਂਡ ਖਿਲਾਫ ਸਪੇਨ ਦੇ ਕੁਆਰਟਰ ਫਾਈਨਲ ਮੈਚ ਦੇ ਸ਼ੁਰੂਆਤੀ ਮੈਚ ‘ਚ ਬੋਟਿਕ ਵੈਨ ਡੇ ਜ਼ੈਂਡਸਚੁਲਪ ਨੂੰ 6-4, 6-4 ਨਾਲ ਸਿੱਧੇ ਸੈੱਟਾਂ ‘ਚ ਹਾਰ ਦੇ ਨਾਲ ਖਤਮ ਹੋ ਗਿਆ।
ਇਸ ਤੋਂ ਬਾਅਦ ਨੌਜਵਾਨ ਸਨਸਨੀ ਕਾਰਲੋਸ ਅਲਕਾਰਾਜ਼ ਨੇ ਟੈਲੋਨ ਗ੍ਰੀਕਸਪੁਰ ਵਿਰੁੱਧ 7-6(0), 6-3 ਦੀ ਜਿੱਤ ਨਾਲ ਸਕੋਰਲਾਈਨ ਬਰਾਬਰ ਕਰ ਦਿੱਤੀ। ਪਰ ਬਾਅਦ ਵਿੱਚ, ਅਲਕਾਰਾਜ਼ ਅਤੇ ਮਾਰਸੇਲ ਗ੍ਰੈਨੋਲਰਜ਼ ਨੂੰ ਡਬਲਜ਼ ਫੈਸਲਾਕੁੰਨ ਮੁਕਾਬਲੇ ਵਿੱਚ 7-6 (4), 7-6 (3) ਨਾਲ ਹਾਰ ਦ ਸਾਹਮਣਾ ਕਰਨਾ ਪਿਆ ਅਤੇ ਨੀਦਰਲੈਂਡ ਅਗਲੇ ਦੌਰ ਵਿੱਚ ਪਹੁੰਚ ਗਿਆ।
ਏਟੀਪੀ ਦੀ ਅਧਿਕਾਰਤ ਵੈੱਬਸਾਈਟ ਦੇ ਹਵਾਲੇ ਨਾਲ ਨਡਾਲ ਨੇ ਮੈਚ ਤੋਂ ਬਾਅਦ ਕਿਹਾ, “ਮੈਂ ਉਹ ਵਿਅਕਤੀ ਹਾਂ ਜਿਸ ਨੂੰ ਬਹੁਤ ਸਾਰੇ ਲੋਕਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਇਹ ਜਾਣਨਾ ਮੁਸ਼ਕਲ ਹੈ ਕਿ ਕਿੱਥੋਂ ਸ਼ੁਰੂ ਕਰਨ।”
ਨਡਾਲ ਨੇ ਪ੍ਰਸ਼ੰਸਕਾਂ ਦਾ ਅਸਾਧਾਰਨ ਸਮਰਥਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ, “ਸਪੇਨ ਅਤੇ ਆਮ ਤੌਰ ‘ਤੇ ਦੁਨੀਆ ਵਿੱਚ, ਮੈਂ ਇੰਨਾ ਪਿਆਰ ਪਾ ਕੇ ਬਹੁਤ ਭਾਗਸ਼ਾਲੀ ਮਹਿਸੂਸ ਕਰਦਾ ਹਾਂ।”
ਨਡਾਲ ਨੇ ਆਪਣੇ ਵਿਰੋਧੀਆਂ ਦੇ ਨਾਲ-ਨਾਲ ਆਪਣੇ ਸਾਥੀ ਖਿਡਾਰੀਆਂ ਨੂੰ ਵੀ ਵਧਾਈ ਦਿੰਦੇ ਹੋਏ ਕਿਹਾ, “ਮੈਂ ਇੱਥੇ ਮੌਜੂਦ ਪੂਰੀ ਸਪੇਨਿਸ਼ ਟੀਮ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਤੁਸੀਂ ਸਾਰਿਆਂ ਨੇ ਮੈਨੂੰ ਇਸ ਡੇਵਿਸ ਕੱਪ ਵਿੱਚ ਖੇਡਣ ਦਾ ਮੌਕਾ ਦਿੱਤਾ। ਇਹ ਉਸ ਤਰ੍ਹਾਂ ਨਹੀਂ ਹੋਇਆ ਜਿਸ ਤਰ੍ਹਾਂ ਅਸੀਂ ਚਾਹੁੰਦੇ ਸੀ। ਮੈਂ ਆਪਣਾ ਸਭ ਕੁੱਝ ਦਿੱਤਾ। ਮੇਰੇ ਕਰੀਅਰ ਦੇ ਬਹੁਤ ਸਾਰੇ ਭਾਵੁਕ ਪਲ ਇੱਥੇ ਮੌਜੂਦ ਬਹੁਤ ਸਾਰੇ ਲੋਕਾਂ ਦੇ ਨਾਲ ਰਹੇ ਹਨ, ਇਹ ਮੇਰੇ ਲਈ ਬਹੁਤ ਵੱਡਾ ਸਨਮਾਨ ਰਿਹਾ ਹੈ। ਅਸੀਂ ਮਿਲਕੇ ਬਹੁਤ ਸਾਰੀਆਂ ਸ਼ਾਨਦਾਰ ਚੀਜ਼ਾਂ ਪ੍ਰਾਪਤ ਕੀਤੀਆਂ ਹਨ ਅਤੇ ਹੁਣ ਸਮਾਂ ਆ ਗਿਆ ਹੈ ਤੁਸੀਂ ਸਾਰੇ ਉਨ੍ਹਾਂ ਨੂੰ ਪ੍ਰਾਪਤ ਕਰਦੇ ਰਹੋ।’’
ਨਡਾਲ ਨੇ ਕਿਹਾ ਕਿ ਇੱਕ ਖਿਡਾਰੀ ਨਹੀਂ ਚਾਹੁੰਦਾ ਕਿ ਸੰਨਿਆਸ ਦਾ ਇਹ ਪਲ ਆਵੇ, ਪਰ ਉਸਦਾ ਸਰੀਰ ਹੁਣ ਟੈਨਿਸ ਨਹੀਂ ਖੇਡਣਾ ਚਾਹੁੰਦਾ।
ਉਨ੍ਹਾਂ ਨੇ ਕਿਹਾ, “ਤੁਹਾਨੂੰ ਸਥਿਤੀ ਨੂੰ ਸਵੀਕਾਰ ਕਰਨਾ ਪਏਗਾ, ਮੈਂ ਬਹੁਤ ਖੁਸ਼ਕਿਸਮਤ ਮਹਿਸੂਸ ਕਰਦਾ ਹਾਂ। ਮੈਂ ਆਪਣੇ ਸ਼ੌਕ ਵਿੱਚੋਂ ਇੱਕ ਨੂੰ ਆਪਣੇ ਕਰੀਅਰ ਵਿੱਚ ਬਦਲਣ ਵਿੱਚ ਕਾਮਯਾਬ ਰਿਹਾ ਹਾਂ, ਅਤੇ ਇਹ ਮੇਰੀ ਕਲਪਨਾ ਤੋਂ ਵੀ ਬਹੁਤ ਲੰਬਾ ਹੋ ਗਿਆ ਹੈ। ਮੈਂ ਸਿਰਫ਼ ਜੀਵਨ ਲਈ ਧੰਨਵਾਦੀ ਹੋ ਸਕਦਾ ਹਾਂ।”
ਉਨ੍ਹਾਂ ਨੇ ਪ੍ਰੈਸ, ਟੈਨਿਸ ਸੰਸਥਾਵਾਂ ਅਤੇ ਭਾਈਚਾਰੇ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ ਜਿਸਨੇ ਉਨ੍ਹਾਂ ਨੂੰ ਅੱਗੇ ਵਧਣ ਵਿੱਚ ਸਹਾਇਤਾ ਕੀਤੀ ਅਤੇ ਸਟੈਂਡ ਵਿੱਚ ਮੌਜੂਦ ਆਪਣੇ ਪਰਿਵਾਰ ਅਤੇ ਟੀਮ ਲਈ ਇੱਕ ਵਿਸ਼ੇਸ਼ ਸੰਦੇਸ਼ ਵੀ ਦਿੱਤਾ।
ਉਨ੍ਹਾਂ ਨੇ ਅੱਖਾਂ ਵਿੱਚ ਹੰਝੂਆਂ ਨਾਲ ਕਿਹਾ “ਮੈਂ ਸ਼ਾਂਤ ਹਾਂ, ਕਿਉਂਕਿ ਮੈਂ ਅਜਿਹੀ ਸਿੱਖਿਆ ਪ੍ਰਾਪਤ ਕੀਤੀ ਹੈ ਕਿ, ਜਿਸ ਨਾਲ ਮੈਂ ਮਨ ਦੀ ਸ਼ਾਂਤੀ ਨਾਲ ਆਪਣੀ ਨਵੀਂ ਜ਼ਿੰਦਗੀ ਜੀ ਸਕਦਾ ਹਾਂ। ਮੇਰੇ ਆਲੇ ਦੁਆਲੇ ਇੱਕ ਚੰਗਾ ਪਰਿਵਾਰ ਹੈ, ਜੋ ਮੇਰੀ ਮਦਦ ਕਰਦਾ ਹੈ।’’
ਬੋਟਿਕ ਤੋਂ ਹਾਰਨ ਤੋਂ ਬਾਅਦ ਨਡਾਲ ਨੇ ਇਹ ਵੀ ਕਿਹਾ ਕਿ ਇਹ ਉਨ੍ਹਾਂ ਲਈ ਭਾਵੁਕ ਦਿਨ ਸੀ। ਉਨ੍ਹਾਂ ਨੇ ਕਿਹਾ, “ਮੈਨੂੰ ਪਤਾ ਸੀ ਕਿ ਇਹ ਇੱਕ ਪੇਸ਼ੇਵਰ ਟੈਨਿਸ ਖਿਡਾਰੀ ਦੇ ਤੌਰ ‘ਤੇ ਇਹ ਮੇਰਾ ਆਖਰੀ ਮੈਚ ਹੋ ਸਕਦਾ ਹੈ। ਇਸ ਤੋਂ ਪਹਿਲਾਂ ਦੇ ਪਲ ਭਾਵੁਕ ਸਨ, ਆਮ ਤੌਰ ‘ਤੇ ਉਨ੍ਹਾਂ ਨੂੰ ਸੰਭਾਲਣਾ ਥੋੜਾ ਮੁਸ਼ਕਲ ਸੀ। ਬਹੁਤ ਸਾਰੀਆਂ ਭਾਵਨਾਵਾਂ ਸਨ। ਮੈਂ ਇਸ ਨੂੰ ਸਭ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਲੋੜੀਂਦੀ ਊਰਜਾ ਦੇ ਨਾਲ, ਨਤੀਜਾ ਭਾਵੇਂ ਕੋਈ ਵੀ ਹੋਵੇ, ਸਭ ਤੋਂ ਵਧੀਆ ਰਵੱਈਆ ਰੱਖਣ ਦੀ ਕੋਸ਼ਿਸ਼ ਕੀਤੀ। ਅੰਤ ਵਿੱਚ ਇੱਕ ਉਮੀਦ ਦੀ ਕਿਰਨ ਦਿਖਾਈ ਦਿੱਤੀ, ਪਰ ਅਜਿਹਾ ਨਹੀਂ ਹੋਇਆ। ਮੇਰਾ ਵਿਰੋਧੀ ਅੱਜ ਮੇਰੇ ਨਾਲੋਂ ਬਿਹਤਰ ਸੀ ਅਤੇ ਬੱਸ ਇਹੀ ਗੱਲ ਹੈ।”
ਜੁਲਾਈ ਵਿੱਚ ਨੋਵਾਕ ਜੋਕੋਵਿਚ ਤੋਂ ਹਾਰਨ ਤੋਂ ਬਾਅਦ ਪੈਰਿਸ ਓਲੰਪਿਕ ਦੇ ਦੂਜੇ ਗੇੜ ਤੋਂ ਬਾਅਦ ਤੋਂ ਪ੍ਰਤੀਯੋਗੀ ਟੈਨਿਸ ਨਾ ਖੇਡਣ ਵਾਲੇ ਨਡਾਲ ਉਦੋਂ ਤੋਂ ਹੀ ਕੋਰਟ ‘ਤੇ ਅਭਿਆਸ ਕਰ ਰਹੇ ਸਨ ਅਤੇ ਆਪਣੇ ਕਪਤਾਨ ਡੇਵਿਡ ਫੇਰਰ ਲਈ ਖੇਡਣ ਦੇ ਯੋਗ ਮਹਿਸੂਸ ਕਰ ਰਹੇ ਹਨ।
ਨਡਾਲ ਨੇ 22 ਗ੍ਰੈਂਡ ਸਲੈਮ ਖ਼ਿਤਾਬਾਂ ਦੇ ਨਾਲ ਖੇਡ ਛੱਡਿਆ, ਜਿਸ ਵਿੱਚ ਰਿਕਾਰਡ 14 ਫ੍ਰੈਂਚ ਓਪਨ ਸਿੰਗਲ ਖ਼ਿਤਾਬ ਵੀ ਸ਼ਾਮਲ ਹਨ। ਉਨ੍ਹਾਂ ਨੇ 2009 ਅਤੇ 2022 ਵਿੱਚ ਦੋ ਵਾਰ ਆਸਟ੍ਰੇਲੀਅਨ ਓਪਨ, 2008 ਅਤੇ 2010 ਵਿੱਚ ਵਿੰਬਲਡਨ ਵੀ ਜਿੱਤਿਆ। ਉਹ ਯੂਐਸ ਓਪਨ ਵਿੱਚ ਵੀ ਸਫਲ ਰਹੇ, ਉਨ੍ਹਾਂ 2010, 2013, 2017 ਅਤੇ 2019 ਵਿੱਚ ਚਾਰ ਵਾਰ ਖਿਤਾਬ ਜਿੱਤਿਆ।
38 ਸਾਲਾ ਖਿਡਾਰੀ ਨੇ 36 ਏਟੀਪੀ ਮਾਸਟਰਜ਼ ਚੈਂਪੀਅਨਸ਼ਿਪ ਟਰਾਫੀਆਂ ਸਮੇਤ 92 ਐਸੋਸੀਏਸ਼ਨ ਆਫ ਟੈਨਿਸ ਪ੍ਰੋਫੈਸ਼ਨਲਜ਼ (ਏ.ਟੀ.ਪੀ.) ਟੂਰ-ਪੱਧਰ ਦੇ ਖਿਤਾਬ ਆਪਣੇ ਨਾਮ ਕੀਤੇ ਹਨ। ਉਨ੍ਹਾਂ ਨੇ 2016 ਰੀਓ ਓਲੰਪਿਕ ਵਿੱਚ ਪੁਰਸ਼ਾਂ ਦੇ ਡਬਲਜ਼ ਵਿੱਚ ਓਲੰਪਿਕ ਸੋਨ ਤਗਮਾ ਵੀ ਹਾਸਲ ਕੀਤਾ, ਜਿਸਨੇ ਉਨ੍ਹਾਂ ਨੂੰ ਨੋਵਾਕ ਜੋਕੋਵਿਚ ਅਤੇ ਆਂਦਰੇ ਅਗਾਸੀ ਤੋਂ ਇਲਾਵਾ ਤਿੰਨ ਪੁਰਸ਼ ਸਿਤਾਰਿਆਂ ਵਿੱਚੋਂ ਇੱਕ ਬਣਾ ਦਿੱਤਾ, ਜਿਨ੍ਹਾਂ ਨੇ ਓਲੰਪਿਕ ਗੋਲਡ ਅਤੇ ਸਾਰੇ ਪ੍ਰਮੁੱਖ ਗ੍ਰੈਂਡ ਸਲੈਮ ਖਿਤਾਬ ਜਿੱਤ ਕੇ ਕਰੀਅਰ ਗੋਲਡਨ ਸਲੈਮ ਪੂਰਾ ਕੀਤਾ।
ਹਿੰਦੂਸਥਾਨ ਸਮਾਚਾਰ