Punjab News: ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ ਬੁੱਧਵਾਰ ਨੂੰ ਛਿਟਪੁੱਟ ਹਿੰਸਾ ਦੀਆਂ ਵੱਖ-ਵੱਖ ਘਟਨਾਵਾਂ ਨੂੰ ਛੱਡ ਕੇ ਸ਼ਾਂਤੀਪੂਰਨ ਢੰਗ ਨਾਲ ਵੋਟਿੰਗ ਹੋਈ। ਸਾਰੀਆਂ ਚਾਰ ਸੀਟਾਂ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ।
ਚੋਣ ਕਮਿਸ਼ਨ ਵੱਲੋਂ ਸ਼ਾਮ 5.30 ਵਜੇ ਤੱਕ 59.67 ਫੀਸਦੀ ਵੋਟਿੰਗ ਦਰਜ ਕੀਤੀ ਗਈ। ਗਿੱਦੜਬਾਹਾ ਵਿੱਚ ਸਭ ਤੋਂ ਵੱਧ 78.10 ਫੀਸਦੀ ਵੋਟਿੰਗ ਹੋਈ। ਡੇਰਾ ਬਾਬਾ ਨਾਨਕ ਵਿੱਚ 59.80 ਫੀਸਦੀ, ਬਰਨਾਲਾ ਵਿੱਚ 52.70 ਫੀਸਦੀ ਅਤੇ ਚੱਬੇਵਾਲ ਵਿੱਚ 48.01 ਫੀਸਦੀ ਵੋਟਿੰਗ ਹੋਈ। ਚੋਣ ਕਮਿਸ਼ਨ ਵੱਲੋਂ ਚਾਰੇ ਹਲਕਿਆਂ ਵਿੱਚ ਹੋਈ ਵੋਟਿੰਗ ਦੀ ਅੰਤਿਮ ਰਿਪੋਰਟ ਜਲਦੀ ਹੀ ਜਾਰੀ ਕੀਤੀ ਜਾਵੇਗੀ।
ਡੇਰਾ ਬਾਬਾ ਨਾਨਕ ‘ਚ ਵੋਟਿੰਗ ਨੂੰ ਲੈ ਕੇ ਕਾਂਗਰਸ ਅਤੇ ‘ਆਪ’ ਸਮਰਥਕਾਂ ‘ਚ ਝੜਪ ਹੋ ਗਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੂੰ ਸ਼ਾਂਤ ਕੀਤਾ। ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦੀ ‘ਆਪ’ ਸਰਕਾਰ ਗੁੰਡਾਗਰਦੀ ਕਰ ਰਹੀ ਹੈ। ਰਾਜ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਸ਼ਾਮ 6 ਵਜੇ ਤੋਂ ਬਾਅਦ ਵੀ ਕਈ ਪੋਲਿੰਗ ਸਟੇਸ਼ਨਾਂ ‘ਤੇ ਲੋਕ ਆਪਣੀ ਵੋਟ ਪਾਉਣ ਲਈ ਕਤਾਰਾਂ ‘ਚ ਖੜ੍ਹੇ ਸਨ। ਉਨ੍ਹਾਂ ਦੀ ਵੋਟ ਪਾਈ ਜਾਵੇਗੀ। ਇਸ ਤੋਂ ਬਾਅਦ ਹੀ ਚਾਰ ਹਲਕਿਆਂ ਦੀ ਅਸਲ ਵੋਟ ਪ੍ਰਤੀਸ਼ਤਤਾ ਸਾਹਮਣੇ ਆਵੇਗੀ। ਉਨ੍ਹਾਂ ਸੂਬੇ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਚਾਰੇ ਹਲਕਿਆਂ ਵਿੱਚ ਵੋਟਾਂ ਦੀ ਪ੍ਰਕਿਰਿਆ ਸ਼ਾਂਤੀਪੂਰਵਕ ਨੇਪਰੇ ਚੜ੍ਹੀ ਹੈ।
5 ਵਜੇ ਤੱਕ ਚਾਰ ਵਿਧਾਨ ਸਭਾ ਸੀਟਾਂ ‘ਤੇ 59.67 ਪ੍ਰਤੀਸ਼ਤ ਮਤਦਾਨ
ਗਿੱਦੜਬਾਹਾ – 78.1 ਫੀਸਦੀ
ਡੇਰਾ ਬਾਬਾ ਨਾਨਕ – 59.8 ਫੀਸਦੀ
ਬਰਨਾਲਾ – 52.7 ਫੀਸਦੀ
ਚੱਬੇਵਾਲ – 48.01 ਫੀਸਦੀ
4 ਵਜੇ ਤੱਕ ਚਾਰ ਵਿਧਾਨ ਸਭਾ ਸੀਟਾਂ ਤੇ 49.61 ਪ੍ਰਤੀਸ਼ਤ ਮਤਦਾਨ ਹੋਇਆ
ਗਿੱਦੜਬਾਹਾ – 65.80
ਡੇਰਾ ਬਾਬਾ ਨਾਨਕ – 52.20
ਬਰਨਾਲਾ – 40.00
ਚੱਬੇਵਾਲ – 40.25
1 ਵਜੇ ਤੱਕ ਚਾਰ ਵਿਧਾਨ ਸਭਾ ਸੀਟਾਂ ਤੇ 36.46 ਪ੍ਰਤੀਸ਼ਤ ਮਤਦਾਨ ਹੋਇਆ
ਗਿੱਦੜਬਾਹਾ – 50.9
ਡੇਰਾ ਬਾਬਾ ਨਾਨਕ – 39.4
ਬਰਨਾਲਾ – 28.1
ਚੱਬੇਵਾਲ – 27.95
11 ਵਜੇ ਤੱਕ ਚਾਰ ਵਿਧਾਨ ਸਭਾ ਸੀਟਾਂ ਤੇ 20 ਪ੍ਰਤੀਸ਼ਤ ਮਤਦਾਨ ਹੋਇਆ
ਗਿੱਦੜਬਾਹਾ – 35
ਡੇਰਾ ਬਾਬਾ ਨਾਨਕ – 19.4
ਬਰਨਾਲਾ – 16.1
ਚੱਬੇਵਾਲ – 12.71
9 ਵਜੇ ਤੱਕ ਚਾਰ ਵਿਧਾਨ ਸਭਾ ਸੀਟਾਂ ਤੇ 8.53 ਪ੍ਰਤੀਸ਼ਤ ਵੋਟਿੰਗ
ਗਿੱਦੜਬਾਹਾ 15.11
ਡੇਰਾ ਬਾਬਾ ਨਾਨਕ 9.7
ਬਰਨਾਲਾ 6.9
ਚੱਬੇਵਾਲ 4.15
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਇਨ੍ਹਾਂ ਸੀਟਾਂ ਵਿੱਚ ਬਰਨਾਲਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਗਿੱਦੜਬਾਹਾ ਸੀਟਾਂ ਸ਼ਾਮਲ ਹਨ। ਨਿਰਪੱਖ ਅਤੇ ਸੁਰੱਖਿਅਤ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਨੂੰ ਮਜ਼ਬੂਤ ਕੀਤਾ ਗਿਆ ਹੈ।
ਇਨ੍ਹਾਂ ਜ਼ਿਮਨੀ ਚੋਣਾਂ ਲਈ ਨੀਮ ਫੌਜੀ ਬਲਾਂ ਦੀਆਂ 17 ਕੰਪਨੀਆਂ ਤੋਂ ਇਲਾਵਾ ਪੰਜਾਬ ਪੁਲਸ ਦੇ 6481 ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਚਾਰ ਹਲਕਿਆਂ ਤੋਂ 45 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਅਤੇ ਬੁੱਧਵਾਰ ਨੂੰ ਕੁੱਲ 6,96,965 ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵੋਟਰਾਂ ਵਿੱਚ 3968 ਸਰਵਿਸ ਵੋਟਰ ਅਤੇ 41 ਐੱਨਆਰਆਈ ਵੋਟਰ ਵੀ ਸ਼ਾਮਲ ਹਨ। 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 6459 ਹੈ।
1.ਡੇਰਾ ਬਾਬਾ ਨਾਨਕ
ਜਤਿੰਦਰ ਕੌਰ ਇੱਥੋਂ ਕਾਂਗਰਸ ਦੀ ਉਮੀਦਵਾਰ ਹੈ। ਉਹ ਸਾਬਕਾ ਉਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਦੀ ਪਤਨੀ ਹੈ। ਜਦਕਿ ਗੁਰਦੀਪ ਸਿੰਘ ਰੰਧਾਵਾ (ਆਪ) ਦੇ ਉਮੀਦਵਾਰ ਹਨ। ਜਦੋਂਕਿ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਰਵੀਕਰਨ ਸਿੰਘ ਕਾਹਲੋਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਨ੍ਹਾਂ ਦੇ ਪਿਤਾ ਵਿਧਾਨ ਸਭਾ ਸਪੀਕਰ ਰਹਿ ਚੁੱਕੇ ਹਨ।
2. ਚੱਬੇਵਾਲ
‘ਆਪ’ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਦਾ ਪੁੱਤਰ ਇਸ਼ਾਂਕ ਉਮੀਦਵਾਰ ਹੈ। ਉਨ੍ਹਾਂ ਦੇ ਪਿਤਾ ਪਹਿਲਾਂ ਇੱਥੋਂ ਵਿਧਾਇਕ ਰਹਿ ਚੁੱਕੇ ਹਨ। ਕਾਂਗਰਸ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਦਕਿ ਭਾਜਪਾ ਵੱਲੋਂ ਸਾਬਕਾ ਅਕਾਲੀ ਆਗੂ ਤੇ ਮੰਤਰੀ ਸੋਹਣ ਸਿੰਘ ਠੰਡਲ ਨੂੰ ਉਮੀਦਵਾਰ ਬਣਾਇਆ ਗਿਆ ਹੈ।
3. ਬਰਨਾਲਾ
ਬਰਨਾਲਾ ਸੀਟ ‘ਤੇ ‘ਆਪ’ ਤੋਂ ਹਰਿੰਦਰ ਸਿੰਘ ਧਾਲੀਵਾਲ ਚੋਣ ਲੜ ਰਹੇ ਹਨ, ਜੋ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਕਰੀਬੀ ਹਨ। ਇਸੇ ਤਰ੍ਹਾਂ ਭਾਜਪਾ ਨੇ ਕਾਂਗਰਸ ਛੱਡ ਕੇ ਹਲਕੇ ਦੇ ਦੋ ਵਾਰ ਵਿਧਾਇਕ ਰਹਿ ਚੁੱਕੇ ਕੇਵਲ ਢਿੱਲੋਂ ਅਤੇ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਉਮੀਦਵਾਰ ਬਣਾਇਆ ਹੈ।
4. ਗਿੱਦੜਬਾਹਾ
ਗਿੱਦੜਬਾਹਾ ਯੀਟ ਤੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਕਾਂਗਰਸ ਵੱਲੋਂ ਉਮੀਦਵਾਰ ਹੈ। ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਬਾਦਲ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੇ ਹਨ।