ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਬੁੱਧਵਾਰ ਨੂੰ ਤਿੰਨ ਘੰਟੇ ਦੀ ਪੈਰੋਲ ਦੀ ਮੰਜ਼ੂਰੀ ਮਿਲੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਾਜੋਆਣਾ ਨੂੰ ਪੇਰੋਲ ਦਿੱਤੀ ਹੈ। ਰਾਜੋਆਣਾ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਪੈਰੋਲ ਤੇ ਬਾਹਰ ਆਉਣਗੇ।
ਦਰਅਸਲ ਰਾਜੋਆਣਾ ਨੇ ਭਰਾ ਦੇ ਭੋਗ ’ਚ ਸ਼ਾਮਲ ਹੋਣ ਦੇ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਰਾਜੋਆਣਾ ਨੂੰ ਪੈਰੋਲ ਉਸਦੇ ਵੱਡੇ ਭਰਾ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਦਿੱਤੀ ਗਈ ਹੈ। ਇਸ ਦੌਰਾਨ ਉਹ ਲੁਧਿਆਣਾ ਸਥਿਤ ਆਪਣੇ ਪਿੰਡ ਜਾਣਗੇ। ਇਸ ਤੋਂ ਪਹਿਲਾਂ 2021 ਵਿੱਚ, ਰਾਜੋਆਣਾ ਨੂੰ ਆਪਣੇ ਪਿਤਾ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਇੱਕ ਘੰਟੇ ਲਈ ਪੈਰੋਲ ਮਿਲੀ ਸੀ।
ਪਟੀਸ਼ਨ ’ਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਭਰਾ ਕੁਲਵੰਤ ਸਿੰਘ ਰਾਜੋਆਣਾ ਦੀ ਮੌਤ 14 ਨਵੰਬਰ ਨੂੰ ਹੋਈ ਸੀ। ਜਿਸ ਦੇ ਚੱਲਦੇ 20 ਨਵੰਬਰ ਨੂੰ ਲੁਧਿਆਣਾ ਦੇ ਰਾਜੋਆਣਾ ਕਲਾਂ ਪਿੰਡ ਦੇ ਮੰਜੀ ਸਾਹਿਬ ਗੁਰਦੁਆਰਾ ’ਚ ਉਨ੍ਹਾਂ ਦਾ ਭੋਗ ਹੈ। ਉਸ ’ਚ ਸ਼ਾਮਲ ਹੋਣ ਦੇਣ ਦੀ ਇਜ਼ਾਜਤ ਦਿੱਤੀ ਜਾਵੇ। ਉਨ੍ਹਾਂ ਨੇ ਪਟੀਸ਼ਨ ’ਚ ਇਹ ਵੀ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਪਟਿਆਲਾ ਜੇਲ੍ਹ ਜਿੱਥੇ ਉਹ ਕੈਦ ਹਨ। ਉਸਦੇ ਜੇਲ੍ਹ ਸੁਪਰਡੈਂਟ ਨੂੰ ਪੈਰੋਲ ਦਿੱਤੇ ਜਾਣ ਦੀ ਅਰਜੀ ਦਿੱਤੀ ਸੀ ਜਿਸ ਨੂੰ ਖਾਰਿਜ ਕਰ ਦਿੱਤਾ ਗਿਆ।
ਅਰਜੀ ਦੇ ਖਾਰਿਜ ਹੋਣ ਤੋਂ ਬਾਅਦ ਰਾਜੋਆਣਾ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਖਿਲ ਕੀਤੀ ਗਈ ਸੀ। ਜਿਸ ਵਿੱਚ ਉਨ੍ਹਾਂ ਨੇ ਅਸਥਾਈ ਤੌਰ ’ਤੇ ਪੈਰੋਲ ਦਿੱਤੇ ਜਾਣ ਦੀ ਮੰਗ ਕੀਤੀ। ਤਾਂ ਜੋ ਉਹ ਆਪਣੇ ਭਰਾ ਦੇ ਭੋਗ ’ਚ 20 ਨਵੰਬਰ ਬੁੱਧਵਾਰ ਨੂੰ ਸ਼ਾਮਲ ਹੋ ਸਕਣ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਜਨਵਰੀ 2022 ’ਚ ਹਾਈਕੋਰਟ ਨੇ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਭੋਗ ਅਤੇ ਅੰਤਿਮ ਅਰਦਾਸ ’ਚ ਪੁਲਸ ਕਸਟਡੀ ’ਚ ਸ਼ਾਮਲ ਹੋਣ ਦੀ ਇਜ਼ਾਜਤ ਦਿੱਤੀ ਸੀ। ਇਸੇ ਆਧਾਰ ’ਤੇ ਰਾਜੋਆਨਾ ਨੇ ਹੁਣ ਮੁੜ ਤੋਂ ਆਪਣੇ ਭਰਾ ਦੇ ਭੋਗ ਅਤੇ ਅੰਤਿਮ ਅਰਦਾਸ ’ਚ ਸ਼ਾਮਲ ਹੋਣ ਲਈ ਅਸਥਾਈ ਪੈਰੋਲ ਦਿੱਤੇ ਜਾਣ ਦੀ ਮੰਗ ਕੀਤੀ ਹੈ। ਇਸ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਮੌਕੇ ਸੁਰੱਖਿਆ ਦੇ ਪੂਰੇ ਬੰਦੋਬਸਤ ਕਰਨ ਦੇ ਹੁਕਮ ਦਿੱਤੇ ਹਨ।