Chandigarh News: ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸੋਮਵਾਰ ਦੇਰ ਰਾਤ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ। ਰਾਹੁਲ ਗਾਂਧੀ ਸਵੇਰੇ ਅੰਮ੍ਰਿਤਸਰ ਤੋਂ ਵਾਪਸ ਪਰਤ ਗਏ। ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਲਈ 20 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਦੌਰਾ ਕਾਂਗਰਸੀਆਂ ਲਈ ਅਹਿਮ ਮੰਨਿਆ ਜਾ ਰਿਹਾ ਸੀ ਪਰ ਰਾਹੁਲ ਨੇ ਇੱਥੇ ਕਿਸੇ ਨਾਲ ਮੁਲਾਕਾਤ ਨਹੀਂ ਕੀਤੀ।
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਪਿਛਲੇ ਸਾਲ 2 ਅਕਤੂਬਰ ਨੂੰ ਹਰਿਮੰਦਰ ਸਾਹਿਬ ਨਤਮਸਤਕ ਹੋਏ ਸਨ। 3 ਦਿਨ ਲਈ ਰੁਕੇ ਸਨ। ਕਾਂਗਰਸ ਨੇਤਾ ਰਾਹੁਲ ਗਾਂਧੀ ਸੋਮਵਾਰ ਦੇਰ ਰਾਤ ਅੰਮ੍ਰਿਤਸਰ ਪਹੁੰਚੇ। ਰਾਹੁਲ ਰਾਂਚੀ ਤੋਂ ਅੰਮ੍ਰਿਤਸਰ ਪਹੁੰਚੇ ਸਨ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਸਮੇਤ ਕਈ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਰਾਹੁਲ ਗਾਂਧੀ ਕਾਂਗਰਸੀ ਆਗੂਆਂ ਨਾਲ ਦਰਬਾਰ ਸਾਹਿਬ ਪੁੱਜੇ। ਇੱਥੇ ਮੱਥਾ ਟੇਕਣ ਤੋਂ ਬਾਅਦ ਰਾਹੁਲ ਨੇ ਪਾਣੀ ਪਿਲਾਉਣ ਅਤੇ ਭਾਂਡੇ ਧੋਣ ਦੀ ਸੇਵਾ ਨਿਭਾਈ। ਉਹ ਕੁਝ ਸਮੇਂ ਲਈ ਜੋੜਾ ਘਰ ਵੀ ਪਹੁੰਚੇ ਜਿੱਥੇ ਉਨ੍ਹਾਂ ਨੇ ਸ਼ਰਧਾਲੂਆਂ ਦੀਆਂ ਜੁੱਤੀਆਂ ਦੀ ਸੰਭਾਲ ਕੀਤੀ।
ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਇੱਥੇ ਇੱਕ ਹੋਰ ਪ੍ਰੋਗਰਾਮ ਵਿੱਚ ਵੀ ਸ਼ਿਰਕਤ ਕੀਤੀ। ਤੜਕ ਸਵੇਰੇ ਰਾਹੁਲ ਗਾਂਧੀ ਅੰਮ੍ਰਿਤਸਰ ਤੋਂ ਰਵਾਨਾ ਹੋਏ। ਰਾਹੁਲ ਗਾਂਧੀ ਦੀ ਦਰਬਾਰ ਸਾਹਿਬ ਫੇਰੀ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਔਰਤ ਨੇ ਉਨ੍ਹਾਂ ਨੂੰ ਵੀਆਈਪੀ ਦਰਸ਼ਨ ਕਰਵਾਉਣ ਨੂੰ ਲੈ ਕੇ ਹੰਗਾਮਾ ਕਰ ਦਿੱਤਾ। ਔਰਤ ਨੇ ਕਿਹਾ ਕਿ ਕਤਾਰ ‘ਚ ਖੜ੍ਹੇ ਲੋਕਾਂ ਨੂੰ ਇਕ ਪਾਸੇ ਕਰਕੇ ਰਾਹੁਲ ਨੂੰ ਅੱਗੇ ਲਿਜਾ ਕੇ ਦਰਸ਼ਨ ਕਰਵਾਏ ਗਏ। ਹਰਿਮੰਦਰ ਸਾਹਿਬ ਵਿੱਚ ਇਸ ਤਰ੍ਹਾਂ ਦੇ ਦਰਸ਼ਨਾਂ ਦੀ ਕੋਈ ਪਰੰਪਰਾ ਨਹੀਂ ਹੈ। ਜਿਸ ਕਿਸੇ ਨੇ ਦਰਸ਼ਨ ਕਰਨੇ ਹਨ, ਉਸਨੂੰ ਲਾਈਨ ਵਿੱਚ ਖੜੇ ਹੋਣਾ ਚਾਹੀਦੈ।
—————
ਹਿੰਦੂਸਥਾਨ ਸਮਾਚਾਰ