ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲੇ ਦੇ ਬੇਲਡੰਗਾ ਵਿੱਚ ਕਾਰਤਿਕ ਪੂਜਾ ਮਨਾਉਣ ਲਈ ਹਿੰਦੂਆਂ ਦੁਆਰਾ ਪੰਡਾਲ ਬਣਾਏ ਗਏ ਸਨ। ਇਨ੍ਹਾਂ ਵਿੱਚ ਹੀ ਡਿਸਪਲੇ ਲਗਾਏ ਗਏ ਸਨ। ਇਸ ਵਿਚ ਲਿਖੇ ਕੁਝ ਸ਼ਬਦਾਂ ਨਾਲ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਅਤੇ ਉਨ੍ਹਾਂ ਨੇ ਇਤਰਾਜ਼ ਕੀਤਾ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਲੜਾਈ ਸ਼ੁਰੂ ਹੋ ਗਈ ਅਤੇ ਪੱਥਰਬਾਜ਼ੀ ਵੀ ਕੀਤੀ ਗਈ। ਮੁਸਲਿਮ ਕੱਟੜਪੰਥੀਆਂ ਨੇ 30 ਤੋਂ ਵੱਧ ਘਰਾਂ ਦੀ ਭੰਨਤੋੜ ਕੀਤੀ ਅਤੇ ਅੱਗ ਲਗਾ ਦਿੱਤੀ।
ਬੇਲਡੰਗਾ ਦਾ ਵਾਰਡ ਨੰਬਰ 10 ਇਸ ਹਿੰਸਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਹੋਈ ਝੜਪ ‘ਚ ਅਪਰਾਧਿਕ ਤੱਤਾਂ ਨੇ ਦੇਸੀ ਬੰਬਾਂ ਦੀ ਵਰਤੋਂ ਵੀ ਕੀਤੀ। ਸਥਿਤੀ ਕਾਬੂ ਤੋਂ ਬਾਹਰ ਹੁੰਦੀ ਵੇਖ ਪੁਲਸ ਨੇ ਲਾਠੀਚਾਰਜ ਕੀਤਾ। ਪੁਲਸ ਦੀਆਂ ਗੱਡੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ।
ਜ਼ਿਲ੍ਹੇ ਵਿੱਚ ਰੈਪਿਡ ਐਕਸ਼ਨ ਫੋਰਸ ਦੇ ਜਵਾਨ ਤਾਇਨਾਤ ਹਨ। ਹਾਲਾਂਕਿ ਹਿੰਸਾ ਰੁਕ ਗਈ ਹੈ, ਪਰ ਬੇਲਡੰਗਾ, ਕਾਜ਼ੀਸਾਹਾ ਅਤੇ ਬੇਗੁਰਬਨ ਖੇਤਰਾਂ ਵਿੱਚ ਧਾਰਾ 163 ਲਾਗੂ ਕਰ ਦਿੱਤੀ ਗਈ ਹੈ। ਪੁਲਸ ਨੇ ਇਸ ਮਾਮਲੇ ਵਿੱਚ 15 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਸੁਕਾਂਤ ਮਜੂਮਦਾਰ ਨੇ ਸੋਸ਼ਲ ਮੀਡੀਆ ਰਾਹੀਂ ਮਮਤਾ ਸਰਕਾਰ ਨੂੰ ਘੇਰਿਆ ਹੈ।
ਕੇਂਦਰੀ ਮੰਤਰੀ ਸੁਕਾਂਤ ਮਜੂਮਦਾਰ ਨੇ ਦੋਸ਼ ਲਾਇਆ ਹੈ ਕਿ ਮਮਤਾ ਸਰਕਾਰ ਨਾ-ਸਰਗਰਮ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਸਭ ਪੱਛਮੀ ਬੰਗਾਲ ਨੂੰ ਬੰਗਲਾਦੇਸ਼ ਬਣਾਉਣ ਦੀ ਸਾਜ਼ਿਸ਼ ਹੈ? ਹਾਲਾਂਕਿ ਦੂਜੇ ਪਾਸੇ ਟੀਐਮਸੀ ਦਾ ਦੋਸ਼ ਹੈ ਕਿ ਉਹ ਸਿਰਫ ਰਾਜਨੀਤੀ ਕਰ ਰਹੀ ਹੈ। ਇੱਥੇ ਸ਼ਾਂਤ ਮਾਹੌਲ ਹੈ।