New Delhi: ਜਨਨਿਕ ਸਿਨਰ ਨੇ ਐਤਵਾਰ ਦੇਰ ਰਾਤ ਟੇਲਰ ਫ੍ਰਿਟਜ਼ ਨੂੰ 6-4, 6-4 ਨਾਲ ਹਰਾ ਕੇ ਟਯੂਰਿਨ ਵਿੱਚ ਆਯੋਜਿਤ ਸੀਜ਼ਨ ਦੇ ਆਖ਼ਰੀ ਟੂਰਨਾਮੈਂਟ ਵਿੱਚ ਆਪਣਾ ਪਹਿਲਾ ਏਟੀਪੀ ਫਾਈਨਲਜ਼ ਖ਼ਿਤਾਬ ਹਾਸਲ ਕੀਤਾ।
ਘਰੇਲੂ ਧਰਤੀ ‘ਤੇ ਇਤਾਲਵੀ ਸਿਨਰ ਦੀ ਜਿੱਤ ਇਸ ਸਾਲ ਸ਼ਾਨਦਾਰ ਫਾਰਮ ਦੀ ਤਾਜ਼ਾ ਉਦਾਹਰਣ ਹੈ, ਜਿਸ ’ਚ 23 ਸਾਲਾ ਖਿਡਾਰੀ ਨੇ ਅੱਠ ਟੂਰਨਾਮੈਂਟ ਜਿੱਤੇ ਹਨ, ਜਿਸ ਵਿੱਚ ਆਸਟ੍ਰੇਲੀਆਈ ਅਤੇ ਯੂਐਸ ਓਪਨ ਵਿੱਚ ਉਨ੍ਹਾਂ ਦੀ ਪਹਿਲੀ ਗ੍ਰੈਂਡ ਸਲੈਮ ਜਿੱਤ ਵੀਸ਼ਾਮਲ ਹੈ।
ਜਿੱਤ ਤੋਂ ਬਾਅਦ ਸਿਨਰ ਨੇ ਕਿਹਾ, “ਇਹ ਸ਼ਾਨਦਾਰ ਹੈ, ਇਹ ਇਟਲੀ ਵਿਚ ਮੇਰਾ ਪਹਿਲਾ ਖਿਤਾਬ ਹੈ ਅਤੇ ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ। ਇਹ ਬਹੁਤ ਖਾਸ ਹੈ। ਮੈਂ ਸਿਰਫ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਹਰ ਵਿਰੋਧੀ ਲਈ ਸਭ ਤੋਂ ਵਧੀਆ ਕੀ ਹੈ, ਆਪਣਾ ਸਰਵੋਤਮ ਸੰਭਵ ਟੈਨਿਸ ਖੇਡਣ ਦੀ ਕੋਸ਼ਿਸ਼ ਕੀਤੀ। ਇਹ ਕੁੰਜੀ ਸੀ। ਇਹ ਮੇਰੇ ਪੱਖ ਤੋਂ ਬਹੁਤ ਉੱਚ ਪੱਧਰੀ ਟੂਰਨਾਮੈਂਟ ਸੀ। ਕਈ ਵਾਰ, ਮੈਂ ਇਸ ਤੋਂ ਵਧੀਆ ਨਹੀਂ ਖੇਡ ਸਕਦਾ ਸੀ, ਇਸ ਲਈ ਮੈਂ ਬਹੁਤ ਖੁਸ਼ ਹਾਂ।”
ਵਿਸ਼ਵ ਦੇ ਨੰਬਰ ਇੱਕ ਸਿਨਰ ਨੇ ਫਿਰ ਤੋਂ ਫ੍ਰਿਟਜ਼ ਨੂੰ ਸਿੱਧੇ ਸੈੱਟਾਂ ਵਿੱਚ ਹਰਾਇਆ, ਜਿਵੇਂ ਕਿ ਉਨ੍ਹਾਂ ਨੇ ਸਤੰਬਰ ਵਿੱਚ ਗਰੁੱਪ ਪੜਾਅ ਅਤੇ ਯੂਐਸ ਓਪਨ ਫਾਈਨਲ ਵਿੱਚ ਕੀਤਾ ਸੀ, ਇਸ ਸਾਲ ਹਾਰਡ ਕੋਰਟਾਂ ‘ਤੇ ਆਪਣੇ ਰਿਕਾਰਡ ਨੂੰ 50-3 ਤੱਕ ਸੁਧਾਰਿਆ।
ਸਿਨਰ ਫਾਈਨਲ ਜਿੱਤਣ ਵਾਲੇ ਪਹਿਲੇ ਇਤਾਲਵੀ ਖਿਡਾਰੀ ਹਨ, ਉਨ੍ਹਾਂ ਅਜਿਹਾ ਏਟੀਪੀ ਦੀ ਸਾਲ ਦੇ ਅੰਤ ਦੀ ਰੈਂਕਿੰਗ ਵਿੱਚ ਚੋਟੀ ’ਤੇ ਪਹੁੰਚਣ ਵਾਲੇ ਆਪਣੇ ਦੇਸ਼ ਦੇ ਪਹਿਲੇ ਖਿਡਾਰੀ ਬਣਨ ਤੋਂ ਕੁਝ ਦਿਨ ਬਾਅਦ ਕੀਤਾ ਹੈ।
ਸੀਜ਼ਨ ਦੀ ਉਨ੍ਹਾਂ ਦੀ ਟੂਰ ਲੀਡਿਗ 70ਵੀਂ ਜਿੱਤ ਨੇ ਉਨ੍ਹਾਂ ਨੂੰ 1986 ਵਿੱਚ ਇਵਾਨ ਲੈਂਡਲ ਤੋਂ ਬਾਅਦ ਇੱਕ ਵੀ ਸੈੱਟ ਗੁਆਏ ਬਿਨਾਂ ਟੂਰਨਾਮੈਂਟ ਜਿੱਤਣ ਵਾਲਾ ਪਹਿਲਾ ਖਿਡਾਰੀ ਬਣਾ ਦਿੱਤਾ।
1999 ਵਿੱਚ ਪੀਟ ਸੈਂਪਰਾਸ ਤੋਂ ਬਾਅਦ ਇਸ ਈਵੈਂਟ ਦਾ ਪਹਿਲਾ ਅਮਰੀਕੀ ਚੈਂਪੀਅਨ ਬਣਨ ਦੀ ਆਪਣੀ ਕੋਸ਼ਿਸ਼ ਵਿੱਚ ਫ੍ਰਿਟਜ਼ ਪਿੱਛੇ ਰਹਿ ਗਏ।
ਸਿਨਰ ਨੇ ਪਿਛਲੇ ਸਾਲ ਫਾਈਨਲ ਵਿੱਚ ਨੋਵਾਕ ਜੋਕੋਵਿਚ ਤੋਂ ਹਾਰਨ ਤੋਂ ਬਾਅਦ ਆਪਣੇ ਆਖਰੀ 27 ਵਿੱਚੋਂ 26 ਮੈਚ ਜਿੱਤੇ ਹਨ। ਸਿਨਰ ਹੁਣ ਮਲਾਗਾ ਜਾਣਗੇ, ਜਿੱਥੇ ਉਨ੍ਹਾਂ ਨੂੰ ਡੇਵਿਸ ਕੱਪ ਖਿਤਾਬ ਦੇ ਸਫਲ ਬਚਾਅ ਲਈ ਇਟਲੀ ਦੀ ਅਗਵਾਈ ਕਰਨ ਦੀ ਉਮੀਦ ਹੈ।
ਹਿੰਦੂਸਥਾਨ ਸਮਾਚਾਰ