Chandigarh News: ਪਹਾੜਾਂ ‘ਤੇ ਬਰਫਬਾਰੀ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ‘ਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਰਾਤ ਦੇ ਤਾਪਮਾਨ ਵਿੱਚ ਗਿਰਾਵਟ ਦੇ ਨਾਲ ਹੀ ਦਿਨ ਦਾ ਤਾਪਮਾਨ ਆਮ ਨਾਲੋਂ ਵਾਧੂ ਠੰਢਾ ਹੋ ਗਿਆ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਇਹ ਬਦਲਾਅ ਜਾਰੀ ਰਹਿਣਗੇ। ਇਸ ਦੇ ਨਾਲ ਹੀ ਪੰਜਾਬ-ਚੰਡੀਗੜ੍ਹ ‘ਚ 17 ਨਵੰਬਰ ਤੱਕ ਧੁੰਦ ਦਾ ਅਸਰ ਦੇਖਣ ਨੂੰ ਮਿਲੇਗਾ।
ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੀ ਚੇਤਾਵਨੀ ਅਨੁਸਾਰ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫ਼ਤਹਿਗੜ੍ਹ ਸਾਹਿਬ, ਪਟਿਆਲਾ, ਐਸ.ਏ.ਐਸ.ਨਗਰ ਅਤੇ ਮਲੇਰਕੋਟਲਾ ਵਿੱਚ ਧੁੰਦ ਪੈਣ ਦੀ ਸੰਭਾਵਨਾ ਹੈ।
ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ-ਅਫਗਾਨਿਸਤਾਨ ਸਰਹੱਦ ‘ਤੇ ਸਰਗਰਮ ਚੱਕਰਵਾਤ ਸ਼ਾਂਤ ਹੋ ਗਿਆ ਹੈ। ਪਰ ਪੱਛਮੀ ਗੜਬੜੀ ਫਿਰ ਸਰਗਰਮ ਹੋ ਗਈ ਹੈ। ਜਿਸ ਕਾਰਨ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ‘ਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਜਿਸ ਤੋਂ ਬਾਅਦ ਪੰਜਾਬ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ ਅਤੇ ਤਾਪਮਾਨ ਹੋਰ ਘੱਟ ਜਾਵੇਗਾ। ਪੰਜਾਬ-ਚੰਡੀਗੜ੍ਹ ਦੀ ਆਬੋ-ਹਵਾ ਨੂੰ ਵਿਗੜਿਆਂ ਤਕਰੀਬਨ ਦੋ ਮਹੀਨੇ ਹੋ ਗਏ ਹਨ। ਇਸ ਦੇ ਨਾਲ ਹੀ ਆਉਣ ਵਾਲੇ ਇੱਕ ਹਫ਼ਤੇ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।
ਹੁਸ਼ਿਆਰਪੁਰ ਵਿੱਚ ਸੰਘਣੀ ਧੁੰਦ ਕਾਰਨ ਲਗਜ਼ਰੀ ਕਾਰ ਦਰੱਖਤ ਨਾਲ ਟਕਰਾਈ, ਸੜ੍ਹ ਕੇ ਹੋਈ ਸੁਵਾਹ
ਬੀਤੀ ਰਾਤ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮਾਰਗ ਦਸੂਹਾ ਹਾਜੀਪੁਰ ਰੋਡ ’ਤੇ ਪੈਂਦੇ ਅੱਡਾ ਘੋਗਰਾ ਦੇ ਨਜ਼ਦੀਕ ਚੋਹਾਣਾ ਵਾਲਾ ਖੂਹ ਦੇ ਨਜ਼ਦੀਕ ਇਕ ਔਡੀ ਗੱਡੀ ਅੱਗ ਲੱਗਣ ਨਾਲ ਸੜ੍ਹ ਕੇ ਸਵਾਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸੰਘਣੀ ਧੁੰਦ ਹੋਣ ਕਰਕੇ ਹਾਜੀਪੁਰ ਸਾਈਡ ਤੋਂ ਆ ਰਹੀ ਔਡੀ ਗੱਡੀ ਨੂੰ ਸਾਹਮਣੇ ਤੋਂ ਆ ਰਹੇ ਓਵਰਲੋਰਡ ਵਾਹਨ ਦੀ ਸਾਈਡ ਲੱਗਣ ਕਰਕੇ ਔਡੀ ਗੱਡੀ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਾ ਅਤੇ ਸੜ੍ਹਕ ਦੇ ਨਜ਼ਦੀਕ ਲੱਗੇ ਦਰੱਖਤ ਨਾਲ ਗੱਡੀ ਟਕਰਾ ਗਈ, ਜਿਸ ਨਾਲ ਅਚਾਨਕ ਹੀ ਗੱਡੀ ਵਿਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗ ਗਈਆਂ।
ਗੱਡੀ ਵਿਚ ਸਵਾਰ ਦੋਨੋ ਨੌਜਵਾਨਾਂ ਨੇ ਬੜੀ ਮੁਸ਼ਕਿਲ ਨਾਲ ਗੱਡੀ ’ਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਮੌਕੇ ’ਤੇ ਮੌਜੂਦ ਲੋਕਾਂ ਨੇ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਦਿੱਤੀ। ਫਾਇਰ ਬ੍ਰਗੇਡ ਦੇ ਅਧਿਕਾਰੀਆਂ ਨੇ ਮੌਕੇ ਤੇ ਪੁਹੰਚ ਕੇ ਅੱਗ ਤੇ ਕਾਬੂ ਪਾਇਆ, ਤੱਦ ਤੱਕ ਗੱਡੀ ਪੂਰੀ ਤਰ੍ਹਾਂ ਨਾਲ ਸੜ੍ਹ ਕੇ ਸਵਾਹ ਹੋ ਚੁੱਕੀ ਸੀ।
ਬਠਿੰਡਾ ਵਿੱਚ ਸੰਘਣੀ ਧੁੰਦ ਕਾਰਨ ਪੀ. ਆਰ. ਟੀ. ਸੀ. ਦੀ ਬੱਸ ਹੋਈ ਹਾਦਸਾਗ੍ਰਸਤ
ਓਥੇ ਬਠਿੰਡਾ ਡੱਬਵਾਲੀ ਨੈਸ਼ਨਲ ਹਾਈਵੇ ’ਤੇ ਪੈਂਦੇ ਪਿੰਡ ਕੁਟੀ ਕਿਸ਼ਨਪੁਰਾ ਕੋਲ ਵੀ ਇਕ ਪੀ.ਆਰ.ਟੀ.ਸੀ. ਦੀ ਬੱਸ ਸਵੇਰ ਸਮੇਂ ਇਕ ਖੜੇ ਘੋੜੇ ਟਰਾਲੇ ਨਾਲ ਜਾ ਟਕਰਾਈ। ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਡੱਬਵਾਲੀ ਤੋਂ ਚੰਡੀਗੜ੍ਹ ਨੂੰ ਜਾ ਰਹੀ ਸੀ ਤਾਂ ਸੰਘਣੀ ਧੁੰਦ ਹੋਣ ਕਾਰਨ ਜਦ ਇਹ ਬੱਸ ਪਿੰਡ ਕੁਟੀ ਕਿਸ਼ਨਪੁਰਾ ਕੋਲ ਪਹੁੰਚੀ ਤਾਂ ਟਰਾਲੇ ਨਾਲ ਜਾ ਟਕਰਾਈ, ਜਿਸ ਕਾਰਨ ਬੱਸ ਦਾ ਕਡੰਕਟਰ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਮੌਕੇ ’ਤੇ ਮੰਡੀ ਡੱਬਵਾਲੀ ਐਬੂਲੈਂਸ ਸੇਵਾ ਸੰਸਥਾ ਦੇ ਕੁਲਵੰਤ ਸਿੰਘ ਨੇ ਪਹੁੰਚ ਕੇ ਜ਼ਖਮੀ ਸਵਾਰੀਆਂ ਨੂੰ ਮੰਡੀ ਡੱਬਵਾਲੀ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ। ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪਰ ਛੇ ਸੱਤ ਸਵਾਰੀਆਂ ਦੇ ਸੱਟਾਂ ਲੱਗਣ ਦੀ ਖ਼ਬਰ ਮਿਲੀ ਹੈ। ਹਾਦਸੇ ਦਾ ਕਾਰਨ ਸੰਘਣੀ ਧੁੰਦ ਦੱਸੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ