New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਤਿੰਨ ਦੇਸ਼ਾਂ ਦੇ ਦੌਰੇ ‘ਤੇ ਰਵਾਨਾ ਹੋਏ। ਵਿਦੇਸ਼ ਮੰਤਰਾਲੇ ਮੁਤਾਬਕ ਪ੍ਰਧਾਨ ਮੰਤਰੀ ਬ੍ਰਾਜ਼ੀਲ ‘ਚ ਆਯੋਜਿਤ ਜੀ-20 ਸੰਮੇਲਨ ‘ਚ ਸ਼ਾਮਲ ਹੋਣ ਲਈ 18-19 ਨਵੰਬਰ ਦੌਰਾਨ ਰੀਓ ਡੀ ਜੇਨੇਰੀਓ ਜਾਣਗੇ। ਇਸ ਤੋਂ ਇਲਾਵਾ ਗੁਆਨਾ ਵਿੱਚ ਆਪਣੇ ਠਹਿਰਾਅ ਦੌਰਾਨ ਉਹ ਜਾਰਜਟਾਊਨ ਵਿੱਚ ਦੂਜੇ ਕੈਰੀਕਾਮ-ਇੰਡੀਆ ਸਮਿਟ ਵਿੱਚ ਵੀ ਹਿੱਸਾ ਲੈਣਗੇ।
ਆਪਣੇ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਉਹ ਨਾਈਜੀਰੀਆ, ਬ੍ਰਾਜ਼ੀਲ ਅਤੇ ਗੁਆਨਾ ਵਿੱਚ ਹੋਣਗੇ। ਉਨ੍ਹਾਂ ਨੂੰ ਦੁਵੱਲੇ ਅਤੇ ਬਹੁਪੱਖੀ ਸਮਾਗਮਾਂ ਦੀ ਵਿਸ਼ਾਲ ਸ਼੍ਰੇਣੀ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ, ਜਿਸ ਨਾਲ ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਨੂੰ ਹੁਲਾਰਾ ਮਿਲੇਗਾ। ਉਹ ਬ੍ਰਾਜ਼ੀਲ ‘ਚ ਜੀ-20 ਸੰਮੇਲਨ ‘ਚ ਹਿੱਸਾ ਲੈਣਗੇ ਅਤੇ ਗੁਆਨਾ ‘ਚ ਕੈਰੇਬੀਅਨ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਇਸ ਦੌਰੇ ਦੌਰਾਨ ਉਹ ਭਾਰਤੀ ਭਾਈਚਾਰੇ ਨਾਲ ਵੀ ਗੱਲਬਾਤ ਕਰਨਗੇ।
ਪ੍ਰਧਾਨ ਮੰਤਰੀ ਦੇ ਦੌਰੇ ਦੇ ਵੇਰਵੇ
ਨਾਈਜੀਰੀਆ
ਪ੍ਰਧਾਨ ਮੰਤਰੀ ਨਾਈਜੀਰੀਆ ਦੇ ਰਾਸ਼ਟਰਪਤੀ ਬੋਲਾ ਅਹਿਮਦ ਟਿਨੂਬੂ ਦੇ ਸੱਦੇ ‘ਤੇ 16-17 ਨਵੰਬਰ ਤੱਕ ਨਾਈਜੀਰੀਆ ਦਾ ਦੌਰਾ ਕਰਨਗੇ। 17 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਨਾਈਜੀਰੀਆ ਦੀ ਇਹ ਪਹਿਲੀ ਯਾਤਰਾ ਹੋਵੇਗੀ। ਦੌਰੇ ਦੌਰਾਨ ਪ੍ਰਧਾਨ ਮੰਤਰੀ ਭਾਰਤ ਅਤੇ ਨਾਈਜੀਰੀਆ ਦਰਮਿਆਨ ਰਣਨੀਤਕ ਭਾਈਵਾਲੀ ਦੀ ਸਮੀਖਿਆ ਕਰਨ ਲਈ ਗੱਲਬਾਤ ਕਰਨਗੇ ਅਤੇ ਦੁਵੱਲੇ ਸਬੰਧਾਂ ਨੂੰ ਵਧਾਉਣ ਦੇ ਹੋਰ ਮੌਕਿਆਂ ਬਾਰੇ ਚਰਚਾ ਕਰਨਗੇ। ਉਹ ਨਾਈਜੀਰੀਆ ਵਿੱਚ ਭਾਰਤੀ ਭਾਈਚਾਰੇ ਦੇ ਇੱਕ ਇਕੱਠ ਨੂੰ ਵੀ ਸੰਬੋਧਨ ਕਰਨਗੇ।
ਬ੍ਰਾਜ਼ੀਲ
ਪ੍ਰਧਾਨ ਮੰਤਰੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਦੁਆਰਾ ਮੇਜ਼ਬਾਨੀ ਕੀਤੇ ਗਏ ਜੀ-20 ਸੰਮੇਲਨ ਵਿੱਚ ਸ਼ਾਮਲ ਹੋਣ ਲਈ 18-19 ਨਵੰਬਰ ਤੱਕ ਰੀਓ ਡੀ ਜਨੇਰੀਓ ਜਾਣਗੇ। ਭਾਰਤ ਬ੍ਰਾਜ਼ੀਲ ਅਤੇ ਦੱਖਣੀ ਅਫ਼ਰੀਕਾ ਦੇ ਨਾਲ ਜੀ-20 ਟ੍ਰਾਈਕਾ ਦਾ ਹਿੱਸਾ ਹੈ ਅਤੇ ਚੱਲ ਰਹੇ ਜੀ-20 ਸੰਮੇਲਨ ਚਰਚਾਵਾਂ ਵਿੱਚ ਸਰਗਰਮੀ ਨਾਲ ਯੋਗਦਾਨ ਪਾ ਰਿਹਾ ਹੈ।
ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਆਲਮੀ ਮਹੱਤਵ ਦੇ ਵੱਖ-ਵੱਖ ਮੁੱਦਿਆਂ ‘ਤੇ ਭਾਰਤ ਦੀ ਸਥਿਤੀ ਨੂੰ ਅੱਗੇ ਰੱਖਣਗੇ ਅਤੇ ਪਿਛਲੇ ਦੋ ਸਾਲਾਂ ਦੌਰਾਨ ਭਾਰਤ ਦੁਆਰਾ ਆਯੋਜਿਤ ਜੀ20 ਨਵੀਂ ਦਿੱਲੀ ਨੇਤਾਵਾਂ ਦੇ ਐਲਾਨਨਾਮੇ ਅਤੇ ਵਾਇਸ ਆਫ ਗਲੋਬਲ ਸਾਊਥ ਸੰਮੇਲਨ ਦੇ ਨਤੀਜਿਆਂ ‘ਤੇ ਨਿਰਮਾਣ ਕਰਨਗੇ। ਜੀ-20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਦੇ ਕਈ ਨੇਤਾਵਾਂ ਨਾਲ ਮੁਲਾਕਾਤ ਦੀ ਉਮੀਦ ਹੈ।
ਗੁਆਨਾ
ਗੁਆਨਾ ਦੇ ਰਾਸ਼ਟਰਪਤੀ ਡਾ. ਮੁਹੰਮਦ ਇਰਫਾਨ ਅਲੀ ਦੇ ਸੱਦੇ ‘ਤੇ, ਪ੍ਰਧਾਨ ਮੰਤਰੀ 19-21 ਨਵੰਬਰ, 2024 ਤੱਕ ਗੁਆਨਾ ਦੀ ਰਾਜਕੀ ਯਾਤਰਾ ਕਰਨਗੇ। ਗੁਆਨਾ ਦਾ ਇਹ ਦੌਰਾ 1968 ਤੋਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੋਵੇਗਾ। ਇਸ ਤੋਂ ਪਹਿਲਾਂ 2023 ਵਿੱਚ, ਰਾਸ਼ਟਰਪਤੀ ਅਲੀ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ 17ਵੇਂ ਪ੍ਰਵਾਸੀ ਭਾਰਤੀ ਦਿਵਸ ਵਿੱਚ ਮੁੱਖ ਮਹਿਮਾਨ ਵਜੋਂ ਭਾਰਤ ਆਏ ਸਨ, ਜਦੋਂ ਉਨ੍ਹਾਂ ਨੂੰ ਪ੍ਰਵਾਸੀ ਭਾਰਤੀ ਸਨਮਾਨ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
ਪ੍ਰਧਾਨ ਮੰਤਰੀ ਦੌਰੇ ਦੌਰਾਨ ਰਾਸ਼ਟਰਪਤੀ ਅਲੀ ਨਾਲ ਗੱਲਬਾਤ ਕਰਨਗੇ। ਗੁਆਨਾ ਦੇ ਹੋਰ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕਰਨਗੇ, ਗੁਆਨਾ ਦੀ ਸੰਸਦ ਨੂੰ ਸੰਬੋਧਨ ਕਰਨਗੇ। ਪ੍ਰਵਾਸੀ ਭਾਰਤੀਆਂ ਦੇ ਇਕੱਠ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਜਾਰਜਟਾਉਨ, ਗੁਆਨਾ ਵਿੱਚ ਦੂਜੇ ਕੈਰੀਕਾਮ-ਇੰਡੀਆ ਸੰਮੇਲਨ ਵਿੱਚ ਵੀ ਸ਼ਿਰਕਤ ਕਰਨਗੇ ਅਤੇ ਖੇਤਰ ਦੇ ਨਾਲ ਭਾਰਤ ਦੀ ਲੰਬੇ ਸਮੇਂ ਦੀ ਦੋਸਤੀ ਨੂੰ ਹੋਰ ਵਧਾਉਣ ਲਈ ਕੈਰੀਕਾਮ ਮੈਂਬਰ ਦੇਸ਼ਾਂ ਦੇ ਨੇਤਾਵਾਂ ਨਾਲ ਮੀਟਿੰਗਾਂ ਕਰਨਗੇ।
ਹਿੰਦੂਸਥਾਨ ਸਮਾਚਾਰ