ਸੈਂਚੁਰੀਅਨ, 14 ਨਵੰਬਰ (ਹਿੰ.ਸ.)। ਚਾਰ ਟੀ-20 ਮੈਚਾਂ ਦੀ ਸੀਰੀਜ਼ ਦੇ ਤੀਜੇ ਮੈਚ ‘ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 11 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਭਾਰਤੀ ਟੀਮ ਨੇ ਸੀਰੀਜ਼ ‘ਚ 2-1 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਭਾਰਤ ਦੀ ਜਿੱਤ ਦਾ ਮੁੱਖ ਕਾਰਨ ਮੱਧਕ੍ਰਮ ਦੇ ਬੱਲੇਬਾਜ਼ ਤਿਲਕ ਵਰਮਾ ਦੀ ਸ਼ਾਨਦਾਰ ਬੱਲੇਬਾਜ਼ੀ ਰਹੀ, ਜਿਨ੍ਹਾਂ ਨੇ 51 ਗੇਂਦਾਂ ‘ਤੇ ਆਪਣਾ ਪਹਿਲਾ ਸੈਂਕੜਾ ਲਗਾਇਆ।
ਭਾਰਤ ਵੱਲੋਂ ਦਿੱਤੇ 220 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫ਼ਰੀਕਾ ਦੀ ਟੀਮ ਨੇ ਸ਼ਾਨਦਾਰ ਜਜ਼ਬਾ ਦਿਖਾਇਆ ਪਰ ਟੀਚਾ ਹਾਸਲ ਨਹੀਂ ਕਰ ਸਕੀ। ਮੇਜ਼ਬਾਨ ਟੀਮ ਲਈ ਹੈਨਰੀ ਕਲਾਸੇਨ ਨੇ 41 ਦੌੜਾਂ, ਕਪਤਾਨ ਏਡਨ ਮਾਰਕਰਮ ਨੇ 29 ਦੌੜਾਂ, ਰੇਜ਼ਾ ਹੈਂਡਰਿਕਸ ਨੇ 21 ਦੌੜਾਂ ਅਤੇ ਰਿਆਨ ਰਿਕਲਟਨ ਨੇ 20 ਦੌੜਾਂ ਬਣਾਈਆਂ। ਹਾਲਾਂਕਿ ਆਖਰੀ ਓਵਰ ‘ਚ ਮਾਰਕੋ ਜੈਨਸਨ ਨੇ ਧਮਾਕੇਦਾਰ ਸ਼ਾਟ ਮਾਰ ਕੇ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾ ਦਿੱਤਾ। ਯੈਨਸਨ ਨੇ 17 ਗੇਂਦਾਂ ਵਿੱਚ 54 ਦੌੜਾਂ ਬਣਾਈਆਂ ਪਰ ਟੀਮ ਜਿੱਤ ਨਹੀਂ ਪ੍ਰਾਪਤ ਕਰ ਸਕੀ। ਦੱਖਣੀ ਅਫਰੀਕਾ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ 208 ਦੌੜਾਂ ਹੀ ਬਣਾ ਸਕੀ ਅਤੇ ਉਸਨੂੰ 11 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਰਤ ਲਈ ਅਰਸ਼ਦੀਪ ਸਿੰਘ ਨੇ ਤਿੰਨ ਅਤੇ ਵਰੁਣ ਚੱਕਰਵਰਤੀ ਨੇ ਦੋ ਵਿਕਟਾਂ ਲਈਆਂ। ਉੱਥੇ ਹੀ ਹਾਰਦਿਕ ਪੰਡਯਾ ਅਤੇ ਅਕਸ਼ਰ ਪਟੇਲ ਨੂੰ ਇਕ-ਇਕ ਸਫਲਤਾ ਮਿਲੀ।
ਇਸ ਤੋਂ ਪਹਿਲਾਂ ਇੱਕ ਵਾਰ ਫਿਰ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 219 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਹਾਲਾਂਕਿ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਸਲਾਮੀ ਬੱਲੇਬਾਜ਼ ਸੰਜੂ ਸੈਮਸਨ ਬਿਨਾਂ ਖਾਤਾ ਖੋਲ੍ਹੇ ਪਾਰੀ ਦੀ ਦੂਜੀ ਹੀ ਗੇਂਦ ‘ਤੇ ਆਊਟ ਹੋ ਗਏ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਤਿਲਕ ਵਰਮਾ ਨੇ ਅਭਿਸ਼ੇਕ ਸ਼ਰਮਾ ਨਾਲ ਮਿਲ ਕੇ ਪਾਰੀ ਨੂੰ ਅੱਗੇ ਵਧਾਇਆ ਅਤੇ ਤੇਜ਼ ਰਫਤਾਰ ਨਾਲ ਦੌੜਾਂ ਵੀ ਬਣਾਈਆਂ। ਦੋਵਾਂ ਵਿਚਾਲੇ ਦੂਜੀ ਵਿਕਟ ਲਈ 106 ਦੌੜਾਂ ਦੀ ਸਾਂਝੇਦਾਰੀ ਹੋਈ। ਅਭਿਸ਼ੇਕ 25 ਗੇਂਦਾਂ ‘ਚ 50 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਕਪਤਾਨ ਸੂਰਿਆਕੁਮਾਰ ਯਾਦਵ ਵੀ ਇਕ ਦੌੜ ਬਣਾ ਕੇ ਪੈਵੇਲੀਅਨ ਪਰਤ ਗਏ। ਉੱਥੇ ਹੀ ਹਾਰਦਿਕ ਪੰਡਯਾ ਨੇ 18 ਦੌੜਾਂ, ਰਿੰਕੂ ਸਿੰਘ ਨੇ 8 ਦੌੜਾਂ ਅਤੇ ਰਮਨਦੀਪ ਸਿੰਘ ਨੇ 15 ਦੌੜਾਂ ਦਾ ਯੋਗਦਾਨ ਪਾਇਆ। ਇਸ ਦੌਰਾਨ ਤਿਲਕ ਵਰਮਾ ਨੇ ਆਪਣੇ ਟੀ-20 ਕਰੀਅਰ ਦਾ ਪਹਿਲਾ ਸੈਂਕੜਾ ਲਗਾਇਆ। ਤਿਲਕ 56 ਗੇਂਦਾਂ ਵਿੱਚ 107 ਦੌੜਾਂ ਬਣਾ ਕੇ ਅਜੇਤੂ ਰਹੇ। ਦੱਖਣੀ ਅਫਰੀਕਾ ਲਈ ਕੇਸ਼ਵ ਮਹਾਰਾਜ ਅਤੇ ਐਂਡੀਲੇ ਸਿਮਲੇਨ ਨੇ ਦੋ-ਦੋ ਵਿਕਟਾਂ ਲਈਆਂ, ਜਦਕਿ ਮਾਰਕੋ ਜੈਨਸਨ ਨੂੰ ਇੱਕ ਸਫਲਤਾ ਮਿਲੀ।
ਹਿੰਦੂਸਥਾਨ ਸਮਾਚਾਰ