New Delhi: ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਹਵਾ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਦੂਜੇ ਦਿਨ ਖਤਰਨਾਕ ਸ਼੍ਰੇਣੀ ‘ਚ ਹੈ। ਅੱਜ ਸਵੇਰੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 400 ਨੂੰ ਪਾਰ ਕਰ ਗਿਆ। ਹਵਾ ਪ੍ਰਦੂਸ਼ਣ ਅਤੇ ਠੰਡ ਵਧਣ ਨਾਲ ਸਾਹ ਲੈਣ ਦੀ ਸਮੱਸਿਆ ਵਧ ਗਈ ਹੈ। ਸਵੇਰੇ ਰਾਜਧਾਨੀ ਦੀ ਹਵਾ ‘ਚ ਫੈਲੀ ਜ਼ਹਿਰੀਲੇ ਚਾਦਰ ਕਾਰਨ ਹਵਾਈ ਅੱਡੇ ‘ਤੇ ਵਿਜ਼ੀਬਿਲਟੀ 300 ਮੀਟਰ ਤੱਕ ਪਹੁੰਚ ਗਈ। ਏਕਿਊਆਈ 400 ਨੂੰ ਪਾਰ ਕਰਨ ’ਤੇ ਏਅਰ ਕੁਆਲਿਟੀ ਮੈਨੇਜਮੈਂਟ ਲਈ ਕਮਿਸ਼ਨ (ਸੀਏਕਿਊਐਮ) ਨੇ ਅੱਜ ਐਮਰਜੈਂਸੀ ਮੀਟਿੰਗ ਬੁਲਾਈ ਹੈ।
ਇਸ ਤੋਂ ਪਹਿਲਾਂ ਕਮਿਸ਼ਨ ਨੇ ਸਾਰੀਆਂ ਸਥਾਨਕ ਏਜੰਸੀਆਂ ਨੂੰ ਪ੍ਰਦੂਸ਼ਣ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਚਿਤਾਵਨੀ ਦਿੱਤੀ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਗ੍ਰੈਪ ਦੇ ਦੋ ਪੜਾਵਾਂ ਦੀ ਪਾਬੰਦੀ ਦੇ ਬਾਵਜੂਦ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਸ਼੍ਰੇਣੀ ਤੱਕ ਪਹੁੰਚ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅਨੁਸਾਰ, ਸਵੇਰੇ ਦਿੱਲੀ ਦਾ ਔਸਤ ਏਕਿਊਆਈ 434 ਦਰਜ ਕੀਤਾ ਗਿਆ। ਦਵਾਰਕਾ ਵਿੱਚ 426, ਦਵਾਰਕਾ ਸੈਕਟਰ 8 ਵਿੱਚ 460, ਨਜਫਗੜ੍ਹ ਵਿੱਚ 455, ਆਈਜੀਆਈ ਵਿੱਚ 435, ਮੁੰਡਕਾ ਵਿੱਚ 460, ਪੂਸਾ ਵਿੱਚ 412, ਆਯਾ ਨਗਰ ਵਿੱਚ 421, ਸ਼ਾਦੀਪੁਰ ਵਿੱਚ 429, ਪੰਜਾਬੀ ਬਾਗ ਵਿੱਚ 459, ਆਰਕੇਪੁਰਮ ਵਿੱਚ 452, ਮੰਦਰ ਮਾਰਗ ਵਿੱਚ 438, ਵਜ਼ੀਰਪੁਰ ਵਿੱਚ 467, ਰੋਹਿਣੀ ਵਿੱਚ 452, ਅਸ਼ੋਕ ਵਿਹਾਰ ਵਿੱਚ 470, ਵਿਵੇਕ ਵਿਹਾਰ ਵਿੱਚ 462 ਰਿਕਾਰਡ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਜ਼ੀਰੋ ਤੋਂ 50 ਏਕਿਊਆਈ ਦੀ ਰੇਂਜ ਨੂੰ ‘ਚੰਗਾ’, 51-100 ‘ਤਸੱਲੀਬਖਸ਼’, 101-200 ‘ਦਰਮਿਆਨਾ’, 201-300 ‘ਮਾੜਾ’, 301-400 ‘ਬਹੁਤ ਮਾੜਾ’ ਅਤੇ 401-500 ਨੂੰ ‘ਗੰਭੀਰ’ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ।
ਭਾਰਤੀ ਮੌਸਮ ਵਿਭਾਗ ਅਨੁਸਾਰ ਅਗਲੇ ਦੋ-ਤਿੰਨ ਦਿਨਾਂ ਤੱਕ ਰਾਜਧਾਨੀ ਵਿੱਚ ਸਵੇਰ ਅਤੇ ਸ਼ਾਮ ਨੂੰ ਧੁੰਦ ਦੀ ਚਾਦਰ ਛਾਈ ਰਹਿ ਸਕਦੀ ਹੈ। ਤਾਪਮਾਨ ਘਟਣ ਨਾਲ ਧੁੰਦ ਪੈਣ ਦੀ ਸੰਭਾਵਨਾ ਰਹੇਗੀ। ਹਫਤੇ ਦੇ ਅੰਤ ‘ਚ ਹਵਾ ਦੀ ਰਫਤਾਰ ਵਧਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ 16 ਨਵੰਬਰ ਤੱਕ ਹਰਿਆਣਾ ਅਤੇ ਇਸ ਦੇ ਆਲੇ-ਦੁਆਲੇ ਸਵੇਰ ਦੇ ਸਮੇਂ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਵਿੱਚ 15 ਨਵੰਬਰ ਤੱਕ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਰਾਜਸਥਾਨ ਦੇ ਕੁਝ ਇਲਾਕਿਆਂ ‘ਚ ਵੀ ਸੰਘਣੀ ਧੁੰਦ ਛਾਈ ਰਹੇਗੀ। ਅੱਜ ਰਾਜਧਾਨੀ ਦਾ ਘੱਟੋ-ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਰਾਜਧਾਨੀ ਵਿੱਚ ਅੱਜ ਸਵੇਰੇ ਵਿਜ਼ੀਬਿਲਟੀ ਘੱਟ ਕੇ 300 ਮੀਟਰ ਰਹਿ ਗਈ ਹੈ। ਇਸ ਕਾਰਨ ਆਵਾਜਾਈ ਦੀ ਰਫ਼ਤਾਰ ਬਹੁਤ ਮੱਠੀ ਰਹੀ। ਸਵੇਰੇ 7 ਵਜੇ ਤੱਕ, ਦੇਸ਼ ਦੇ ਕੁਝ ਹਵਾਈ ਅੱਡਿਆਂ ‘ਤੇ ਵਿਜ਼ੀਬਿਲਟੀ 1000 ਮੀਟਰ ਤੋਂ ਘੱਟ ਰਹੀ। ਦੱਸਿਆ ਗਿਆ ਹੈ ਕਿ ਇਹ ਗੋਰਖਪੁਰ ਵਿੱਚ 0, ਆਗਰਾ ਵਿੱਚ 500, ਕਾਨਪੁਰ ਵਿੱਚ 600, ਲਖਨਊ ਵਿੱਚ 800 ਅਤੇ ਪਾਲਮ ਵਿੱਚ 300 ਮੀਟਰ ਰਹੀ।
ਹਿੰਦੂਸਥਾਨ ਸਮਾਚਾਰ