New Delhi: ਦਿੱਲੀ ਐਨਸੀਆਰ ‘ਚ ਬੁੱਧਵਾਰ ਸਵੇਰੇ ਅਸਮਾਨ ‘ਚ ਧੁੰਦ ਛਾਈ ਹੋਈ ਮਿਲੀ, ਜਦੋਂ ਕਿ ਹਵਾ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਪੱਧਰ ਤੋਂ ਉੱਪਰ ਪਹੁੰਚ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ, ਬੁੱਧਵਾਰ ਸਵੇਰੇ ਸ਼ਾਹਦਰਾ ਅਤੇ ਆਯਾ ਨਗਰ ਵਿੱਚ ਸਭ ਤੋਂ ਵੱਧ ਪ੍ਰਦੂਸ਼ਣ ਦਰਜ ਕੀਤਾ ਗਿਆ, ਜਿੱਥੇ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 400 ਤੋਂ ਪਾਰ ਦਰਜ ਕੀਤਾ ਗਿਆ। ਪ੍ਰਦੂਸ਼ਣ ਦੀ ਸੰਘਣੀ ਧੁੰਦ ਕਾਰਨ ਲੋਕਾਂ ਦਾ ਸਾਹ ਫੁੱਲਣ ਲੱਗਿਆ ਹੈ।
ਮੌਸਮ ਵਿਭਾਗ ਮੁਤਾਬਕ ਵਿਜ਼ੀਬਿਲਟੀ ਵੀ ਬਹੁਤ ਘੱਟ ਹੈ। ਸਵੇਰੇ 8 ਵਜੇ ਕਰਤੱਵ ਪਥ ਤੋਂ ਇੰਡੀਆ ਗੇਟ ਅਤੇ ਰਾਸ਼ਟਰਪਤੀ ਭਵਨ ਨਜ਼ਰ ਨਹੀਂ ਆ ਰਹੇ ਸਨ। ਮੰਗਲਵਾਰ ਨੂੰ ਦਿੱਲੀ ਦਾ ਔਸਤ ਏਅਰ ਕੁਆਲਿਟੀ ਇੰਡੈਕਸ 334 ਦਰਜ ਕੀਤਾ ਗਿਆ ਸੀ।
ਬੁੱਧਵਾਰ ਸਵੇਰੇ 8 ਵਜੇ ਆਯਾ ਨਗਰ ‘ਚ ਏਕਿਊਆਈ 423, ਸ਼ਾਹਦਰਾ ਦੇ ਆਲੇ-ਦੁਆਲੇ ਏਕਿਊਆਈ 413, ਮੁੰਡਕਾ ‘ਚ 374, ਪੂਸਾ ‘ਚ 397, ਨਜਫਗੜ੍ਹ ‘ਚ 362, ਆਈਸੀਆਈ ਏਅਰਪੋਰਟ ‘ਚ 375, ਸ਼ਾਦੀਪੁਰ ‘ਚ 378, ਪੰਜਾਬੀ ਬਾਗ ‘ਚ 388, ਆਰਕੇੁਰਮ ਵਿੱਚ 367, ਦਿੱਲੀ ਯੂਨੀਵਰਸਿਟੀ ਵਿੱਚ 398, ਸ੍ਰੀ ਅਰਬਿੰਦੋ ਮਾਰਗ ਵਿੱਚ 365, ਮੰਦਰ ਮਾਰਗ ਵਿੱਚ 365, ਸਿਰੀ ਕਿਲ੍ਹੇ ਵਿੱਚ 368, ਲੋਧੀ ਰੋਡ ਵਿੱਚ 280, ਵਜ਼ੀਰਪੁਰ ਵਿੱਚ 385, ਰੋਹਿਣੀ ਵਿੱਚ 380, ਅਸ਼ੋਕ ਵਿਹਾਰ ਵਿੱਚ 381, ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ 332, ਇੰਡੀਆ ਗੇਟ ‘ਤੇ 327, ਗਵਾਲ ਪਹਾੜੀ ‘ਤੇ 269 ਰਿਕਾਰਡ ਕੀਤਾ ਗਿਆ।
ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਵਾਹਨਾਂ ਤੋਂ ਨਿਕਲਦਾ ਧੂੰਆਂ ਸੀ। ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 30 ਅਕਤੂਬਰ ਤੋਂ ‘ਬਹੁਤ ਖਰਾਬ’ ਸ਼੍ਰੇਣੀ ‘ਚ ਬਣਿਆ ਹੋਇਆ ਹੈ। ਦਿੱਲੀ ਵਿੱਚ 30 ਅਕਤੂਬਰ ਨੂੰ ਏਕਿਊਆਈ 307 ਦਰਜ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਜ਼ੀਰੋ ਤੋਂ 50 ਦੀ ਰੇਂਜ ‘ਚੰਗਾ’ ਹੈ, 51-100 ‘ਤਸੱਲੀਬਖਸ਼’, 101-200 ‘ਦਰਮਿਆਨਾ’, 201-300 ‘ਮਾੜਾ’ ਹੈ, 301-400 ‘ਬਹੁਤ ਮਾੜਾ’ ਅਤੇ 401- 500 ਏਕਿਊਆਈ ਨੂੰ ‘ਗੰਭੀਰ’ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ।
ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ, ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (ਸੀਏਕਿਊਐਮ) ਨੇ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਦੇ ਪੜਾਅ ਇੱਕ ਅਤੇ ਦੋ ਦੀਆਂ ਪਾਬੰਦੀਆਂ ਲਗਾਈਆਂ ਹਨ। ਇਸਦੇ ਤਹਿਤ ਕੋਲਾ ਸਾੜਨ ਅਤੇ ਡਸਟਿੰਗ ਰੋਕਣ ਲਈ ਰਾਜਧਾਨੀ ‘ਚ ਵੱਡੇ ਨਿਰਮਾਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਨਰੇਟਰਾਂ ‘ਤੇ ਵੀ ਪਾਬੰਦੀ ਹੈ। ਏਕਿਊਆਈ ਦੇ 400 ਨੂੰ ਪਾਰ ਕਰਨ ਤੋਂ ਬਾਅਦ, ਰਾਜਧਾਨੀ ਵਿੱਚ ਤੀਜੇ ਪੜਾਅ ਦੀਆਂ ਪਾਬੰਦੀਆਂ ਵੀ ਲਗਾਈਆਂ ਜਾ ਸਕਦੀਆਂ ਹਨ।
ਹਿੰਦੂਸਥਾਨ ਸਮਾਚਾਰ