Kolkata News: ਪੱਛਮੀ ਬੰਗਾਲ ਦੀਆਂ ਛੇ ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਲਈ ਵੋਟਿੰਗ ਬੁੱਧਵਾਰ ਸਵੇਰੇ 7 ਵਜੇ ਸ਼ੁਰੂ ਹੋ ਗਈ। ਵੋਟਿੰਗ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਚੋਣ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਇਹ ਉਪ ਚੋਣ ਬੰਗਾਲ ਦੇ ਸੀਤਾਈ ਮਾਦਾਰੀਹਾਟ, ਨੈਹਾਟੀ, ਹਾੜੋਆ, ਮੇਦਿਨੀਪੁਰ ਅਤੇ ਤਾਲਡਾਂਗਰਾ ਵਿਧਾਨ ਸਭਾ ਹਲਕਿਆਂ ‘ਚ ਹੋ ਰਹੀ ਹੈ। ਇਨ੍ਹਾਂ ਸੀਟਾਂ ਵਿੱਚੋਂ ਪੰਜ ਨੂੰ ਦੱਖਣੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ (ਟੀਐਮਸੀ) ਦਾ ਗੜ੍ਹ ਮੰਨਿਆ ਜਾਂਦਾ ਹੈ, ਜਦੋਂ ਕਿ ਉੱਤਰੀ ਬੰਗਾਲ ਦੇ ਮਾਦਾਰੀਹਾਟ ਖੇਤਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਕਿਲ੍ਹਾ ਮੰਨਿਆ ਜਾਂਦਾ ਹੈ।
ਇਸ ਚੋਣ ਦੌਰਾਨ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐਫ) ਦੀਆਂ ਕੁੱਲ 108 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ‘ਚ ਸੰਸਦ ਲਈ ਚੁਣੇ ਜਾਣ ਤੋਂ ਬਾਅਦ ਵਿਧਾਇਕਾਂ ਦੇ ਅਸਤੀਫੇ ਕਾਰਨ ਇਹ ਉਪ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਉਪ ਚੋਣਾਂ ਲਈ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ।
ਸੱਤਾਧਾਰੀ ਟੀਐਮਸੀ ਅਤੇ ਵਿਰੋਧੀ ਭਾਜਪਾ ਨੇ ਸਾਰੀਆਂ ਛੇ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਇਸਦੇ ਨਾਲ ਹੀ ਖੱਬੇ ਮੋਰਚੇ ਅਤੇ ਕਾਂਗਰਸ 2021 ਤੋਂ ਬਾਅਦ ਪਹਿਲੀ ਵਾਰ ਵੱਖ-ਵੱਖ ਉਪ ਚੋਣਾਂ ਵਿਚ ਹਿੱਸਾ ਲੈ ਰਹੇ ਹਨ। ਇਹ ਬਦਲਾਅ ਬੰਗਾਲ ਕਾਂਗਰਸ ‘ਚ ਹਾਲ ਹੀ ‘ਚ ਲੀਡਰਸ਼ਿਪ ਦੇ ਬਦਲਾਅ ਤੋਂ ਬਾਅਦ ਦੇਖਿਆ ਜਾ ਰਿਹਾ ਹੈ। ਖੱਬੇ ਮੋਰਚੇ ਨੇ ਛੇ ਵਿੱਚੋਂ ਪੰਜ ਸੀਟਾਂ ’ਤੇ ਆਪਣੇ ਉਮੀਦਵਾਰ ਐਲਾਨੇ , ਜਿਸ ਵਿੱਚ ਇੱਕ ਸੀਟ ’ਤੇ ਸੀਪੀਆਈ (ਐਮਐਲ) ਦੇ ਉਮੀਦਵਾਰ ਨੂੰ ਮੌਕਾ ਦਿੱਤਾ ਗਿਆ ਹੈ। ਕਾਂਗਰਸ ਨੇ ਸਾਰੀਆਂ ਛੇ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ।
ਹਿੰਦੂਸਥਾਨ ਸਮਾਚਾਰ