Rupnagar News: ਜ਼ਿਲ੍ਹੇ ਵਿੱਚ ਹੁਣ ਤੱਕ ਸਮੁੱਚੀਆਂ ਮੰਡੀਆਂ ਵਿੱਚ 175675 ਮੀਟਰਿਕ ਟਨ ਝੋਨੇ ਦੀ ਆਮਦ ਹੋਈ ਹੈ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦਿੱਤੀ। ਉਨ੍ਹਾਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਏਜੰਸੀਆਂ ਵੱਲੋਂ ਖਰੀਦੇ ਗਏ ਝੋਨੇ ਦੀ ਅਦਾਇਗੀ 394.48 ਕਰੋੜ ਰੁਪਏ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ ਤੇ ਤਬਦੀਲ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮੰਡੀਆਂ ਵਿੱਚ 1 ਲੱਖ 74 ਹਜ਼ਾਰ 370 ਮੀਟਰਕ ਟਨ ਝੋਨਾ ਖ਼ਰੀਦ ਏਜੰਸੀਆਂ ਅਤੇ ਵਪਾਰੀਆਂ ਵੱਲੋਂ 1115 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਹੋਰ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਡੀਆਂ ਵਿੱਚ ਖ਼ਰੀਦੇ ਗਏ ਝੋਨੇ ਵਿੱਚੋਂ ਪਨਗ੍ਰੇਨ ਵੱਲੋਂ 57345 ਮੀਟਰਿਕ ਟਨ, ਮਾਰਕਫੈੱਡ ਵੱਲੋਂ 43589 ਮੀਟਰਿਕ ਟਨ, ਪਨਸਪ ਵੱਲੋਂ 37024 ਮੀਟਰਿਕ ਟਨ, ਵੇਅਰ ਹਾਊਸ ਵੱਲੋਂ 21942 ਮੀਟਰਿਕ ਟਨ ਅਤੇ ਐਫ.ਸੀ.ਆਈ. ਵੱਲੋਂ 14470 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜਿਨਸ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਇਸ ਦਾ ਯੋਗ ਪ੍ਰਬੰਧਨ ਕਰਨ ਨੂੰ ਤਰਜੀਹ ਦੇਣ, ਕਿਉਂਕਿ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਉੱਥੇ ਬਿਮਾਰੀਆਂ ਲੱਗਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ ਅਤੇ ਜਿੱਥੇ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ। ਉਨ੍ਹਾਂ ਕਿਹਾ ਕਿ ਫ਼ਸਲੀ ਰਹਿੰਦ-ਖੂਹੰਦ ਦੇ ਯੋਗ ਪ੍ਰਬੰਧਨ ਨਾਲ ਫ਼ਸਲ ਦਾ ਝਾੜ ਵੀ ਵੱਧਦਾ ਹੈ ਅਤੇ ਕਿਸਾਨਾਂ ਨੂੰ ਬੇਲੋੜੀਆਂ ਖਾਦਾਂ ਦੀ ਵਰਤੋਂ ਨਹੀਂ ਕਰਨੀ ਪੈਂਦੀ। ਉਨ੍ਹਾਂ ਜ਼ਿਲ੍ਹੇ ਦੇ ਮਿੱਲਰਾਂ ਨੂੰ ਵੀ ਅਪੀਲ ਕੀਤੀ ਕਿ ਮੰਡੀਆਂ ਵਿੱਚ ਕਿਸਾਨਾ ਵੱਲੋਂ ਲਿਆਂਦੀ ਗਈ ਫਸਲ ਨੂੰ ਸਮੇਂ ਸਿਰ ਲਿਫਟ ਕਰਵਾਉਣ ਲਈ ਉੱਚਿਤ ਬਾਰਦਾਨਾ ਮੁਹੱਈਆ ਕਰਵਾਉਂਦੇ ਹੋਏ ਅਤੇ ਸਮੇਂ ਸਰਿ ਸ਼ੈਲਰਾਂ ਵਿੱਚ ਸਟੋਰ ਕੀਤਾ ਜਾਵੇ।
ਹਿੰਦੂਸਥਾਨ ਸਮਾਚਾਰ