SAS Nagar: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਰਾਸ਼ਟਰ ਨੂੰ ‘ਆਤਮ-ਨਿਰਭਰ ਭਾਰਤ’ ਬਣਾ ਕੇ ਵਿਸ਼ਵ ਦੀ ਨੰਬਰ ਇਕ ਅਰਥਵਿਵਸਥਾ ਬਣਨ ਲਈ ਠੋਸ ਯਤਨ ਕਰਨ ਦਾ ਸੱਦਾ ਦਿੱਤਾ।
ਇੰਡੀਅਨ ਸਕੂਲ ਆਫ ਬਿਜ਼ਨਸ, ਮੋਹਾਲੀ ਵਿਖੇ ਐਡਵਾਂਸਡ ਮੈਨੇਜਮੈਂਟ ਪ੍ਰੋਗਰਾਮ ਇਨ ਪਬਲਿਕ ਪਾਲਿਸੀ (ਏ.ਐੱਮ.ਪੀ.ਪੀ.ਪੀ.), ਹੈਲਥਕੇਅਰ (ਏ.ਐੱਮ.ਪੀ.ਐੱਚ.), ਸੰਚਾਲਨ ਅਤੇ ਸਪਲਾਈ ਚੇਨ (ਏ.ਐੱਮ.ਪੀ.ਓ.ਐੱਸ.) ਅਤੇ ਇਨਫਰਾਸਟ੍ਰਕਚਰ (ਏ.ਐੱਮ.ਪੀ.ਆਈ.) ਸਟ੍ਰੀਮਜ਼ ਲਈ 180 ਸਫਲ ਵਿਦਿਆਰਥੀਆਂ ਦੇ ਗ੍ਰੈਜੂਏਸ਼ਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸਮਾਰੋਹ ਚ ਸ਼ਾਮਲ ਉਹਨਾਂ ਸਾਰਿਆਂ ਕੋਲ ਵਪਾਰ ਅਧਿਐਨ ਵਿੱਚ ਏਸ਼ੀਆ ਦੀ ਵੱਕਾਰੀ ਅਤੇ ਪ੍ਰਮੁੱਖ ਸੰਸਥਾ ਤੋਂ ਗ੍ਰੈਜੂਏਟ ਹੋਣਾ ਮਾਣ ਵਾਲਾ ਪਲ ਹੈ ਅਤੇ ਹੁਣ ਉਹਨਾਂ ਦੀ ਆਪਣੀ ਸੇਵਾ ਦੇ ਖੇਤਰ ਵਿੱਚ ਉੱਚੇ ਮਿਆਰ ਸਥਾਪਤ ਕਰਨ ਦੀ ਵਾਰੀ ਹੈ, ਭਾਵੇਂ ਇਹ ਜਨਤਕ ਹੋਵੇ ਜਾਂ ਨਿੱਜੀ ਖੇਤਰ ਹੋਵੇ।
ਉਨ੍ਹਾਂ ਕਿਹਾ ਕਿ ਜ਼ਿਆਦਾਤਰ ਡਿਗਰੀ ਧਾਰਕ ਔਰਤਾਂ ਹੋਣ ਤੇ ਖੁਸ਼ੀ ਜ਼ਾਹਿਰ ਕਰਦਿਆਂ, ਉਨ੍ਹਾਂ ਕਿਹਾ ਕਿ ਸਿੱਖਿਆ ਖੇਤਰ ਹੀ ਅਜਿਹਾ ਖੇਤਰ ਹੈ ਜਿਸ ਵਿੱਚ ਕੋਈ ਮਹਿਲਾ ਜਾਂ ਪੁਰਸ਼ ਦੀ ਅਜਾਰੇਦਾਰੀ ਨਹੀਂ ਹੈ, ਵਿਅਕਤੀ ਆਪਣੀ ਮਿਹਨਤ ਦੇ ਬਲਬੂਤੇ ਉੱਚਾ ਉਠ ਸਕਦਾ ਹੈ। ਉਨ੍ਹਾਂ ਅਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਨੂੰ ਮੌਜੂਦਾ ਰੁਤਬੇ ਤੱਕ ਪਹੁੰਚਾਉਣ ਲਈ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੱਕ ਅਧਿਆਪਕ ਦੁਆਰਾ ਪਾਏ ਯੋਗਦਾਨ ਨੂੰ ਕਿਸੇ ਹੋਰ ਪ੍ਰਤਿਭਾ ਨਾਲ ਬਰਾਬਰਤਾ ਦਿੱਤੀ ਜਾ ਸਕਦੀ।
ਉਨ੍ਹਾਂ ਕਿਹਾ ਕਿ ਇੱਥੇ ਮੌਜੂਦ ਸਾਰੇ ਗ੍ਰੈਜੂਏਟ ਅਤੇ ਪ੍ਰਮੁੱਖ ਸੰਸਥਾ ਇੰਡੀਅਨ ਸਕੂਲ ਆਫ ਬਿਜ਼ਨਸ ਦੇ ਸਾਹਮਣੇ ਸਾਡੇ ਦੇਸ਼ ਨੂੰ ‘ਆਤਮ ਨਿਰਭਰ ਭਾਰਤ’ ਬਣਾਉਣ ਦੀ ਵੱਡੀ ਚੁਣੌਤੀ ਹੈ। ਹੁਣ ਇਹ ਸਾਡੇ ‘ਤੇ ਨਿਰਭਰ ਕਰਦਾ ਹੈ ਕਿ ਇਹ ਸੁਪਨਾ ਕਿਵੇਂ ਸਾਕਾਰ ਹੁੰਦਾ ਹੈ। ਉਨ੍ਹਾਂ ਇਸ ਗੱਲ ‘ਤੇ ਨਾ-ਖੁਸ਼ੀ ਜ਼ਾਹਰ ਕੀਤੀ ਕਿ ਆਜ਼ਾਦੀ ਦੇ 75 ਸਾਲ ਬੀਤ ਜਾਣ ਦੇ ਬਾਵਜੂਦ ਅੱਜ ਵੀ ਸਾਡੇ ਦੇਸ਼ ਵਿੱਚ ਰੁਜ਼ਗਾਰ ਇੱਕ ਵੱਡੇ ਮੁੱਦੇ ਵਜੋਂ ਸਾਹਮਣੇ ਆ ਰਿਹਾ ਹੈ। ਰਾਜਪਾਲ ਨੇ ਕਿਹਾ ਕਿ ਅਸੀਂ ਚੁਣੌਤੀਪੂਰਨ ਨੌਕਰੀਆਂ ਨਾਲੋਂ ਜਨਤਕ ਖੇਤਰ ਦੀਆਂ ਨੌਕਰੀਆਂ ਨੂੰ ਤਰਜੀਹ ਦਿੰਦੇ ਹਾਂ ਜੋ ਸਾਡੇ ਰਾਸ਼ਟਰ ਨੂੰ ਵਿਸ਼ਵ ਵਿੱਚ ਇਕੱਲੇ ਖੜ੍ਹੇ ਹੋਣ ਲਈ ਲਾਜ਼ਮੀ ਅਤੇ ਸਮੇਂ ਦੀ ਲੋੜ ਹਨ। ਰਾਜਪਾਲ ਨੇ ਅੱਗੇ ਕਿਹਾ ਕਿ ਸਾਨੂੰ ਪਛੜੇ ਲੋਕਾਂ ਦੇ ਜੀਵਨ ਨੂੰ ਰੋਸ਼ਨ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਸੰਸਾਰ ਦੀ ਨੰਬਰ ਇੱਕ ਅਰਥਵਿਵਸਥਾ ਤੱਕ ਦੀ ਦੇਸ਼ ਦੀ ਸਾਂਝੀ ਯਾਤਰਾ ਦਾ ਹਿੱਸਾ ਬਣਾਇਆ ਜਾ ਸਕੇ। ਇਸ ਦੇ ਲਈ ਸਾਨੂੰ ਸਮਾਜ ਵਿੱਚ ਗਰੀਬ ਅਤੇ ਅਮੀਰ ਦੇ ਵਿੱਚ ਜੋ ਪਾੜਾ ਹੈ, ਉਸਨੂੰ ਮੇਟਣਾ ਪਵੇਗਾ।
ਉਨ੍ਹਾਂ ਕਿਹਾ ਕਿ ਰਾਸ਼ਟਰ ਨੇ ਸਾਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਰਾਹੀਂ ਸਿੱਖਿਅਤ ਕਰਕੇ ਬਹੁਤ ਕੁਝ ਦਿੱਤਾ ਹੈ ਅਤੇ ਹੁਣ ਸਾਡੀ ਵਾਰੀ ਹੈ ਕਿ ਅਸੀਂ ਆਪਣੇ ਦੇਸ਼ ਨੂੰ ਵਿਸ਼ਵ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਲਈ ਕੀਤੇ ਜਾਣ ਵਾਲੇ ਅਣਥੱਕ ਯਤਨਾਂ ਨੂੰ ਪ੍ਰਵਾਨ ਕਰਕੇ ਆਪਣੇ ਸਿਰ ਚੜ੍ਹਿਆ ਕਰਜ਼ਾ ਮੋੜੀਏ। ਉਨ੍ਹਾਂ ਕਿਹਾ ਕਿ ਪੰਜਵੇਂ ਸਥਾਨ ਤੋਂ ਪਹਿਲੇ ਸਥਾਨ ‘ਤੇ ਲਿਆਉਣਾ ਵੱਡੀ ਚਣੌਤੀ ਦੇ ਨਾਲ ਨਾਲ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੋਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਦੇਸ਼ ਨੂੰ ਵਿਸ਼ਵ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਲਈ 2047 ਦੀ ਨਿਰਧਾਰਤ ਸਮਾਂ ਸੀਮਾ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ; ਸਗੋਂ ਅਸੀਂ ਆਪਣੀ ਮਜ਼ਬੂਤ ਪ੍ਰਤੀਬੱਧਤਾ ਦਿਖਾ ਕੇ ਇਸ ਨੂੰ ਪਹਿਲਾਂ ਵੀ ਸੰਭਵ ਬਣਾ ਸਕਦੇ ਹਾਂ।
ਰਾਜਪਾਲ ਨੇ ਆਈ ਐਸ ਬੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ 2001 ‘ਚ ਅਟਲ ਬਿਹਾਰੀ ਵਾਜਪਾਈ ਨੇ ਪਹਿਲੀ ਸੰਸਥਾ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਸੀ ਅਤੇ 2012 ‘ਚ ਮੋਹਾਲੀ ਨੂੰ ਆਈ ਐਸ ਬੀ ਦਾ ਦੂਸਰਾ ਘਰ ਬਣਾ ਕੇ ਪੰਜਾਬ ਨੂੰ ਮਾਣ ਹਾਸਲ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਆਈ ਐਸ ਬੀ ਦੀ ਅੰਤਰਰਾਸ਼ਟਰੀ ਪ੍ਰਸਿੱਧੀ, ਇਸ ਦੇ ‘ਪਾਸ ਆਉਟਸ’ ਦੀ ਦੁਨੀਆ ਵਿੱਚ ਵਿਲੱਖਣ ਪਹਿਚਾਣ ਹੈ, ਜਿਸ ਦਾ ਸਿਹਰਾ ਵਿਲੱਖਣ ਅਧਿਐਨ ਅਤੇ ਪਾਠਕ੍ਰਮ ਨੂੰ ਜਾਂਦਾ ਹੈ।
ਜਿਨ੍ਹਾਂ ਗ੍ਰੈਜੂਏਟਾਂ ਨੂੰ ਅੱਜ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ, ਉਨ੍ਹਾਂ ਵਿੱਚ ਆਈ ਏ ਐਸ ਜੋੜਾ ਰਾਹੁਲ ਭੰਡਾਰੀ ਅਤੇ ਰਾਖੀ ਗੁਪਤਾ ਭੰਡਾਰੀ ਤੋਂ ਇਲਾਵਾ ਐਸ ਏ ਐਸ ਨਗਰ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਵੀ ਸ਼ਾਮਲ ਸਨ।
ਹਿੰਦੂਸਥਾਨ ਸਮਾਚਾਰ