New Delhi: ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਦਿੱਲੀ ਦੀ ਹਵਾ ਵਿੱਚ ਜ਼ਹਿਰ ਘੁਲ ਗਿਆ ਹੈ। ਇਸ ਸਥਿਤੀ ਲਈ ਅਕਸਰ ਪੰਜਾਬ ਅਤੇ ਹਰਿਆਣਾ ਵਿੱਚ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਸਾੜਨ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਦਮ ਘੁੱਟਣ ਵਾਲੀ ਹਵਾ ਦੇ ਵਿਚਕਾਰ, ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਹਰ ਦਿਨ ਡਰਾ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਅੱਜ ਰਾਸ਼ਟਰੀ ਰਾਜਧਾਨੀ ‘ਚ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ‘ਚ ਰਹੀ। ਦਿੱਲੀ ਦਾ ਔਸਤ ਏਕਿਊਆਈ ਸਵੇਰੇ 346 ਦਰਜ ਕੀਤਾ ਗਿਆ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਅਨੁਸਾਰ, ਅੱਜ ਸਵੇਰੇ ਆਨੰਦ ਵਿਹਾਰ ਵਿੱਚ ਏਕਿਊਆਈ 377, ਮੁੰਡਕਾ ਵਿੱਚ 380, ਵਜ਼ੀਰਪੁਰ ਵਿੱਚ 390, ਜਹਾਂਗੀਰਪੁਰੀ ਵਿੱਚ 407, ਆਰਕੇਪੁਰਮ ਵਿੱਚ 368, ਓਖਲਾ ਵਿੱਚ 338, ਬਵਾਨਾ ਵਿੱਚ 400, ਵਿਵੇਕ ਵਿਹਾਰ ਵਿੱਚ 370 ਅਤੇ ਨਾਰੇਲਾ ਵਿੱਚ 352 ਦਰਜ ਕੀਤਾ ਗਿਆ। ਦੱਸ ਦੇਈਏ ਕਿ 0 ਤੋਂ 50 ਦੇ ਵਿਚਕਾਰ ਏਕਿਊਆਈ ਨੂੰ ਚੰਗਾ ਮੰਨਿਆ ਜਾਂਦਾ ਹੈ, 51 ਅਤੇ 100 ਸੰਤੋਖਜਨਕ, 101 ਅਤੇ 200 ਦਰਮਿਆਨਾ, 201 ਅਤੇ 300 ਖਰਾਬ, 301 ਅਤੇ 400 ਬਹੁਤ ਖਰਾਬ, ਅਤੇ 401 ਅਤੇ 500 ਦੇ ਵਿਚਕਾਰ ਨੂੰ ਗੰਭੀਰ ਸ਼੍ਰੇਣੀ ’ਚ ਮੰਨਿਆ ਜਾਂਦਾ ਹੈ।
ਦਿੱਲੀ ਵਿੱਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਪਾਣੀ ਦੇ ਛਿੜਕਾਅ ਲਈ ਡਰੋਨ ਦੀ ਵਰਤੋਂ ਕਰਨ ਦੇ ਫੈਸਲੇ ਦੇ ਬਾਵਜੂਦ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਦਿੱਲੀ ਸਰਕਾਰ ਨੇ ਸ਼ੁੱਕਰਵਾਰ ਨੂੰ ਆਨੰਦ ਵਿਹਾਰ ਇਲਾਕੇ ‘ਚ ਪ੍ਰਯੋਗਾਤਮਕ ਆਧਾਰ ‘ਤੇ ਡਰੋਨ ਦੀ ਵਰਤੋਂ ਕਰਕੇ ਪਾਣੀ ਦਾ ਛਿੜਕਾਅ ਕੀਤਾ। ਆਨੰਦ ਵਿਹਾਰ ਨੂੰ ਦਿੱਲੀ ਦੇ ਸਭ ਤੋਂ ਪ੍ਰਦੂਸ਼ਿਤ ਖੇਤਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਬੀਤੀ ਸ਼ਾਮ ਵੀ ਰਾਸ਼ਟਰੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਸ਼੍ਰੇਣੀ ਵਿੱਚ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ, ਸ਼ਾਮ 4 ਵਜੇ ਤੱਕ 24 ਘੰਟੇ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 335 (ਬਹੁਤ ਖਰਾਬ) ਰਿਹਾ। ਸਵੇਰੇ 9 ਵਜੇ ਦਿੱਲੀ ਵਿੱਚ ਏਕਿਊਆਈ 334 ਰਿਕਾਰਡ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ