New Delhi: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸਾਉਥ ਇੰਡੀਅਨ ਬੈਂਕ ‘ਤੇ 59.20 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਆਰਬੀਆਈ ਨੇ ‘ਜਮਾਂ ‘ਤੇ ਵਿਆਜ ਦਰ’ ਅਤੇ ‘ਬੈਂਕਾਂ ਵਿੱਚ ਗਾਹਕ ਸੇਵਾ’ ਬਾਰੇ ਕੁਝ ਹਦਾਇਤਾਂ ਦੀ ਪਾਲਣਾ ਵਿੱਚ ਕੁਤਾਹੀ ਕਾਰਨ ਬੈਂਕ ‘ਤੇ ਇਹ ਜੁਰਮਾਨਾ ਲਗਾਇਆ ਹੈ।
ਆਰਬੀਆਈ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਉਥ ਇੰਡੀਅਨ ਬੈਂਕ ‘ਤੇ ‘ਜਮਾਂ ‘ਤੇ ਵਿਆਜ ਦਰ’ ਅਤੇ ‘ਗਾਹਕ ਸੇਵਾ’ ਨਾਲ ਸਬੰਧਤ ਨਿਯਮਾਂ ਦੀ ਉਲੰਘਣਾ ਕਰਨ ਲਈ 59.20 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਬੈਂਕ ਰੈਗੂਲੇਟਰ ਦੀ ਜਾਂਚ ਵਿੱਚ ਪਾਇਆ ਹੈ ਕਿ ਬੈਂਕ ਨੇ ਕੁਝ ਗਾਹਕਾਂ ਨੂੰ ਉਚਿਤ ਸੂਚਨਾ ਦੇ ਬਿਨਾਂ ਘੱਟੋ-ਘੱਟ ਖਾਤਾ ਬਕਾਇਆ ਨਾ ਰੱਖਣ ਅਤੇ ਕੁਝ ਐਨਆਰਈ ਬਚਤ ਖਾਤਿਆਂ ‘ਤੇ ਗਲਤ ਤਰੀਕੇ ਨਾਲ ਅਧਿਕਾਰ ਦਰਜ ਕਰਨ ਲਈ ਜੁਰਮਾਨਾ ਲਗਾਇਆ ਗਿਆ ਹੈ।
ਰਿਜ਼ਰਵ ਬੈਂਕ ਨੇ 31 ਮਾਰਚ, 2023 ਨੂੰ ਬੈਂਕ ਦੀ ਵਿੱਤੀ ਸਥਿਤੀ ਦੇ ਸੰਦਰਭ ਵਿੱਚ ਸੁਪਰਵਾਈਜ਼ਰੀ ਮੁਲਾਂਕਣ ਲਈ ਇੱਕ ਵਿਧਾਨਕ ਨਿਰੀਖਣ ਕੀਤਾ ਸੀ। ਆਰਬੀਆਈ ਦੀਆਂ ਹਦਾਇਤਾਂ ਅਤੇ ਸਬੰਧਤ ਪੱਤਰ-ਵਿਹਾਰ ਦੀ ਪਾਲਣਾ ਨਾ ਕਰਨ ਦੇ ਆਧਾਰ ‘ਤੇ ਬੈਂਕ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਕੇਂਦਰੀ ਬੈਂਕ ਦੇ ਨੋਟਿਸ ‘ਤੇ ਬੈਂਕ ਦੇ ਜਵਾਬ ਅਤੇ ਨਿੱਜੀ ਸੁਣਵਾਈ ਦੌਰਾਨ ਕੀਤੀਆਂ ਗਈਆਂ ਜ਼ੁਬਾਨੀ ਬੇਨਤੀਆਂ ‘ਤੇ ਵਿਚਾਰ ਕਰਨ ਤੋਂ ਬਾਅਦ, ਆਰਬੀਆਈ ਨੇ ਬੈਂਕ ਦੇ ਖਿਲਾਫ ਦੋਸ਼ਾਂ ਨੂੰ ਸਹੀ ਪਾਏ ਜਾਣ ਤੋਂ ਬਾਅਦ ਮੁਦਰਾ ਜੁਰਮਾਨਾ ਲਗਾਇਆ ਹੈ।
ਆਰਬੀਆਈ ਨੇ ਕਿਹਾ ਕਿ ਬੈਂਕ ‘ਤੇ ਇਹ ਜੁਰਮਾਨਾ ਕਾਨੂੰਨੀ ਅਤੇ ਰੈਗੂਲੇਟਰੀ ਪਾਲਣਾ ਵਿੱਚ ਕਮੀਆਂ ‘ਤੇ ਆਧਾਰਿਤ ਹੈ। ਇਸਦਾ ਉਦੇਸ਼ ਬੈਂਕ ਵੱਲੋਂ ਆਪਣੇ ਗਾਹਕਾਂ ਨਾਲ ਕੀਤੇ ਗਏ ਕਿਸੇ ਵੀ ਲੈਣ-ਦੇਣ ਜਾਂ ਸਮਝੌਤੇ ਦੀ ਵੈਧਤਾ ਨੂੰ ਪ੍ਰਭਾਵਿਤ ਕਰਨਾ ਨਹੀਂ ਹੈ।
ਹਿੰਦੂਸਥਾਨ ਸਮਾਚਾਰ