New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰਾਖੰਡ ਦੇ ਸਥਾਪਨਾ ਦਿਵਸ ‘ਤੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਅੱਜ ਤੋਂ ਉੱਤਰਾਖੰਡ ਰਾਜ ਦੇ ਗਠਨ ਦਾ ਸਿਲਵਰ ਜੁਬਲੀ ਸਾਲ ਸ਼ੁਰੂ ਹੋਣ ਦਾ ਜ਼ਿਕਰ ਕੀਤ। ਇੱਕ ਵੀਡੀਓ ਸੰਦੇਸ਼ ਵਿੱਚ, ਉੱਤਰਾਖੰਡ ਦੇ ਗਠਨ ਦੇ 25ਵੇਂ ਸਾਲ ਵਿੱਚ ਦਾਖਲ ਹੋਣ ਦਾ ਜ਼ਿਕਰ ਕਰਦੇ ਹੋਏ, ਮੋਦੀ ਨੇ ਲੋਕਾਂ ਨੂੰ ਅਗਲੇ 25 ਸਾਲਾਂ ਵਿੱਚ ਰਾਜ ਦੇ ਉੱਜਵਲ ਭਵਿੱਖ ਲਈ ਕੰਮ ਕਰਨ ਦੀ ਅਪੀਲ ਕੀਤੀ। ਨਾਲ ਹੀ ਕਿਹਾ ਕਿ ਇਹ ਦਹਾਕਾ ਉੱਤਰਾਖੰਡ ਦਾ ਦਹਾਕਾ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਦੀ ਆਗਾਮੀ 25 ਸਾਲਾਂ ਦੀ ਯਾਤਰਾ ਇੱਕ ਬਹੁਤ ਵੱਡਾ ਇਤਫ਼ਾਕ ਹੈ, ਕਿਉਂਕਿ ਭਾਰਤ ਵੀ ਆਪਣੇ 25 ਸਾਲਾਂ ਦੇ ਅੰਮ੍ਰਿਤਕਾਲ ਵਿੱਚ ਹੈ, ਜਿਸਦਾ ਅਰਥ ਹੈ ਵਿਕਸਿਤ ਭਾਰਤ ਲਈ ਵਿਕਸਿਤ ਉੱਤਰਾਖੰਡ। ਦੇਸ਼ ਇਸ ਦੌਰਾਨ ਸੰਕਲਪਾਂ ਨੂੰ ਪੂਰਾ ਹੁੰਦਾ ਦੇਖੇਗਾ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਖੁਸ਼ੀ ਪ੍ਰਗਟਾਈ ਕਿ ਲੋਕਾਂ ਨੇ ਅਗਲੇ 25 ਸਾਲਾਂ ਲਈ ਸੰਕਲਪ ਲਏ ਹਨ ਅਤੇ ਨਾਲ ਹੀ ਕਈ ਪ੍ਰੋਗਰਾਮਾਂ ਨੂੰ ਵੀ ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਰਾਹੀਂ ਉੱਤਰਾਖੰਡ ਦਾ ਮਾਣ ਵਧੇਗਾ ਅਤੇ ਵਿਕਸਤ ਉੱਤਰਾਖੰਡ ਦਾ ਟੀਚਾ ਸੂਬੇ ਦੇ ਹਰ ਵਸਨੀਕ ਤੱਕ ਪਹੁੰਚੇਗਾ। ਉਨ੍ਹਾਂ ਨੇ ਹਾਲ ਹੀ ਵਿੱਚ ਆਯੋਜਿਤ ‘ਪ੍ਰਵਾਸੀ ਉੱਤਰਾਖੰਡ ਸੰਮੇਲਨ’ ਦੇ ਸਫਲ ਆਯੋਜਨ ਦਾ ਵੀ ਜ਼ਿਕਰ ਕੀਤਾ ਅਤੇ ਆਸ ਪ੍ਰਗਟਾਈ ਕਿ ਪ੍ਰਵਾਸੀ ਉੱਤਰਾਖੰਡੀ ਲੋਕ ਉੱਤਰਾਖੰਡ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਵੱਖਰੇ ਰਾਜ ਦੇ ਗਠਨ ਲਈ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿੱਚ ਉੱਤਰਾਖੰਡ ਦੇ ਲੋਕਾਂ ਵੱਲੋਂ ਕੀਤੇ ਗਏ ਯਤਨਾਂ ਨੂੰ ਸਫਲ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਖੁਸ਼ੀ ਪ੍ਰਗਟ ਕੀਤੀ ਕਿ ਅੱਜ ਉਨ੍ਹਾਂ ਦੇ ਸੁਪਨੇ ਅਤੇ ਇੱਛਾਵਾਂ ਸਾਕਾਰ ਹੋ ਰਹੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਰਕਾਰ ਉੱਤਰਾਖੰਡ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।
ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਮੌਜੂਦਾ ਦਹਾਕਾ ਉੱਤਰਾਖੰਡ ਦਾ ਹੈ ਅਤੇ ਪਿਛਲੇ ਸਾਲਾਂ ਵਿੱਚ ਉਨ੍ਹਾਂ ਦਾ ਇਹ ਵਿਸ਼ਵਾਸ ਸਾਬਤ ਹੋਇਆ ਹੈ। ਉਨ੍ਹਾਂ ਰੇਖਾਂਕਿਤ ਕੀਤਾ ਕਿ ਉੱਤਰਾਖੰਡ ਵਿਕਾਸ ਦੇ ਨਵੇਂ ਰਿਕਾਰਡ ਬਣਾ ਰਿਹਾ ਹੈ ਅਤੇ ਨਵੀਆਂ ਪ੍ਰਾਪਤੀਆਂ ਹਾਸਲ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਬੇ ਨੇ ਟਿਕਾਊ ਵਿਕਾਸ ਟੀਚਿਆਂ ਦੇ ਸੂਚਕਾਂਕ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਉੱਤਰਾਖੰਡ ਨੂੰ ‘ਈਜ਼ ਆਫ ਡੂਇੰਗ ਬਿਜ਼ਨਸ’ ਸ਼੍ਰੇਣੀ ਵਿੱਚ ‘ਅਚੀਵਰਜ਼’ ਅਤੇ ਸਟਾਰਟਅੱਪ ਸ਼੍ਰੇਣੀ ਵਿੱਚ ‘ਲੀਡਰ’ ਵਜੋਂ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੀ ਵਿਕਾਸ ਦਰ 1.25 ਗੁਣਾ ਵਧੀ ਹੈ ਅਤੇ ਜੀ.ਐਸ.ਟੀ ਕੁਲੈਕਸ਼ਨ 14 ਫੀਸਦੀ ਵਧਿਆ ਹੈ। ਪ੍ਰਤੀ ਵਿਅਕਤੀ ਆਮਦਨ 2014 ਵਿੱਚ 1.25 ਲੱਖ ਰੁਪਏ ਤੋਂ ਵਧ ਕੇ 2.60 ਲੱਖ ਰੁਪਏ ਸਾਲਾਨਾ ਹੋ ਗਈ ਹੈ ਅਤੇ ਕੁੱਲ ਘਰੇਲੂ ਉਤਪਾਦ 2014 ਵਿੱਚ 1 ਲੱਖ 50 ਹਜ਼ਾਰ ਕਰੋੜ ਰੁਪਏ ਤੋਂ ਵਧ ਕੇ ਅੱਜ ਲਗਭਗ 3 ਲੱਖ 50 ਹਜ਼ਾਰ ਕਰੋੜ ਰੁਪਏ ਹੋ ਗਿਆ ਹੈ। ਇਹ ਅੰਕੜੇ ਨੌਜਵਾਨਾਂ ਅਤੇ ਉਦਯੋਗਿਕ ਵਿਕਾਸ ਲਈ ਨਵੇਂ ਮੌਕਿਆਂ ਅਤੇ ਔਰਤਾਂ ਅਤੇ ਬੱਚਿਆਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਦਾ ਸਪੱਸ਼ਟ ਸੰਕੇਤ ਹਨ। ਉਨ੍ਹਾਂ ਕਿਹਾ ਕਿ ਟੂਟੀ ਦੇ ਪਾਣੀ ਦੀ ਪਹੁੰਚ 2014 ਵਿੱਚ 5 ਫੀਸਦੀ ਘਰਾਂ ਤੋਂ ਵਧ ਕੇ ਅੱਜ 96 ਫੀਸਦੀ ਤੋਂ ਵੱਧ ਹੋ ਗਈ ਹੈ ਅਤੇ ਪੇਂਡੂ ਸੜਕਾਂ ਦਾ ਨਿਰਮਾਣ 6,000 ਕਿਲੋਮੀਟਰ ਤੋਂ ਵੱਧ ਕੇ 20,000 ਕਿਲੋਮੀਟਰ ਹੋ ਗਿਆ ਹੈ। ਉਨ੍ਹਾਂ ਨੇ ਲੱਖਾਂ ਪਖਾਨੇ ਬਣਾਉਣ, ਬਿਜਲੀ ਸਪਲਾਈ, ਗੈਸ ਕੁਨੈਕਸ਼ਨ, ਆਯੂਸ਼ਮਾਨ ਯੋਜਨਾ ਤਹਿਤ ਮੁਫ਼ਤ ਇਲਾਜ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਸਰਕਾਰ ਸਮਾਜ ਦੇ ਸਾਰੇ ਵਰਗਾਂ ਨਾਲ ਖੜ੍ਹੀ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੇਂਦਰ ਵੱਲੋਂ ਉੱਤਰਾਖੰਡ ਰਾਜ ਨੂੰ ਪ੍ਰਦਾਨ ਕੀਤੀਆਂ ਗਈਆਂ ਗ੍ਰਾਂਟਾਂ ਲਗਭਗ ਦੁੱਗਣੀਆਂ ਹੋ ਗਈਆਂ ਹਨ ਅਤੇ ਉਨ੍ਹਾਂ ਨੇ ਏਮਜ਼ ਲਈ ਇੱਕ ਸੈਟੇਲਾਈਟ ਸੈਂਟਰ, ਡਰੋਨ ਐਪਲੀਕੇਸ਼ਨ ਰਿਸਰਚ ਸੈਂਟਰ ਅਤੇ ਊਧਮ ਸਿੰਘ ਨਗਰ ਵਿੱਚ ਛੋਟੀ ਉਦਯੋਗਿਕ ਟਾਊਨਸ਼ਿਪ ਦੀ ਸਥਾਪਨਾ ਦੀਆਂ ਪ੍ਰਾਪਤੀਆਂ ਨੂੰ ਸੂਚੀਬੱਧ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਵੱਲੋਂ ਸੂਬੇ ਵਿੱਚ 2 ਲੱਖ ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ ਪਹਿਲਾਂ ਹੀ ਚੱਲ ਰਹੇ ਹਨ ਅਤੇ ਸੰਪਰਕ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਰਿਸ਼ੀਕੇਸ਼-ਕਰਨਪ੍ਰਯਾਗ ਰੇਲ ਪ੍ਰੋਜੈਕਟ ਨੂੰ 2026 ਤੱਕ ਪੂਰਾ ਕਰਨ ਲਈ ਤਿਆਰ ਹੈ। ਉੱਤਰਾਖੰਡ ਦੇ 11 ਰੇਲਵੇ ਸਟੇਸ਼ਨਾਂ ਨੂੰ ਅਮਰੂਤ ਸਟੇਸ਼ਨਾਂ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਐਕਸਪ੍ਰੈਸ ਵੇਅ ਦੇ ਪੂਰਾ ਹੋਣ ਤੋਂ ਬਾਅਦ, ਦਿੱਲੀ ਅਤੇ ਦੇਹਰਾਦੂਨ ਵਿਚਕਾਰ ਯਾਤਰਾ ਦਾ ਸਮਾਂ ਘਟ ਕੇ 2.5 ਘੰਟੇ ਰਹਿ ਜਾਵੇਗਾ। ਉਨ੍ਹਾਂ ਕਿਹਾ ਕਿ ਵਿਕਾਸ ਨੇ ਪ੍ਰਵਾਸ ਨੂੰ ਵੀ ਰੋਕਿਆ ਹੈ।
ਮੋਦੀ ਨੇ ਕਿਹਾ ਕਿ ਸਰਕਾਰ ਵਿਕਾਸ ਦੇ ਨਾਲ-ਨਾਲ ਵਿਰਾਸਤ ਨੂੰ ਸੰਭਾਲਣ ‘ਚ ਲੱਗੀ ਹੋਈ ਹੈ। ਕੇਦਾਰਨਾਥ ਮੰਦਰ ਦਾ ਇੱਕ ਸ਼ਾਨਦਾਰ ਅਤੇ ਬ੍ਰਹਮ ਪੁਨਰ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਬਦਰੀਨਾਥ ਧਾਮ ਵਿੱਚ ਤੇਜ਼ੀ ਨਾਲ ਚੱਲ ਰਹੇ ਵਿਕਾਸ ਕਾਰਜਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਮਾਨਸਖੰਡ ਮੰਦਿਰ ਮਿਸ਼ਨ ਮਾਲਾ ਸਕੀਮ ਦੇ ਪਹਿਲੇ ਪੜਾਅ ਵਿੱਚ 16 ਪ੍ਰਾਚੀਨ ਮੰਦਰਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਮੋਦੀ ਨੇ ਕਿਹਾ, “ਹਰ ਮੌਸਮ ਵਿੱਚ ਪਹੁੰਚਯੋਗ ਸੜਕਾਂ ਨੇ ਚਾਰਧਾਮ ਯਾਤਰਾ ਨੂੰ ਆਸਾਨ ਬਣਾ ਦਿੱਤਾ ਹੈ।’’ ਉਨ੍ਹਾਂ ਕਿਹਾ ਕਿ ਪਰਵਤ ਮਾਲਾ ਸਕੀਮ ਤਹਿਤ ਧਾਰਮਿਕ ਅਤੇ ਸੈਰ-ਸਪਾਟਾ ਸਥਾਨਾਂ ਨੂੰ ਰੋਪਵੇਅ ਰਾਹੀਂ ਜੋੜਿਆ ਜਾ ਰਿਹਾ ਹੈ। ‘ਵਾਈਬ੍ਰੈਂਟ ਵਿਲੇਜ’ ਸਕੀਮ ਦੀ ਸ਼ੁਰੂਆਤ ਮਾਣਾ ਪਿੰਡ ਤੋਂ ਕੀਤੀ ਗਈ ਸੀ। ਸਰਕਾਰ ਸਰਹੱਦੀ ਪਿੰਡਾਂ ਨੂੰ ਦੇਸ਼ ਦਾ ‘ਪਹਿਲਾ ਪਿੰਡ’ ਮੰਨਦੀ ਹੈ, ਜਦੋਂ ਕਿ ਪਹਿਲਾਂ ਇਨ੍ਹਾਂ ਨੂੰ ਆਖਰੀ ਪਿੰਡ ਕਿਹਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਵਾਈਬ੍ਰੈਂਟ ਵਿਲੇਜ ਸਕੀਮ ਤਹਿਤ 25 ਪਿੰਡਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਇਨ੍ਹਾਂ ਯਤਨਾਂ ਨੇ ਉੱਤਰਾਖੰਡ ਵਿੱਚ ਸੈਰ-ਸਪਾਟੇ ਨਾਲ ਸਬੰਧਤ ਮੌਕੇ ਵਧਾਏ ਹਨ, ਜਿਸ ਨਾਲ ਉੱਤਰਾਖੰਡ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵਧੇ ਹਨ।
ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਇਸ ਸਾਲ 6 ਕਰੋੜ ਸੈਲਾਨੀ ਅਤੇ ਸ਼ਰਧਾਲੂ ਉੱਤਰਾਖੰਡ ਆਏ ਹਨ। ਪਿਛਲੇ ਸਾਲ ਚਾਰਧਾਮ ਯਾਤਰਾ ‘ਤੇ 54 ਲੱਖ ਸ਼ਰਧਾਲੂ ਆਏ ਸਨ, ਜਦਕਿ 2014 ਤੋਂ ਪਹਿਲਾਂ ਇਹ ਗਿਣਤੀ 24 ਲੱਖ ਸੀ। ਹੋਟਲਾਂ, ਹੋਮਸਟੇਜ਼, ਟਰਾਂਸਪੋਰਟ ਏਜੰਟਾਂ, ਕੈਬ ਡਰਾਈਵਰਾਂ ਆਦਿ ਨੇ ਇਸਦਾ ਲਾਭ ਉਠਾਇਆ। ਪਿਛਲੇ ਕੁਝ ਸਾਲਾਂ ਵਿੱਚ 5000 ਤੋਂ ਵੱਧ ਹੋਮਸਟੇ ਰਜਿਸਟਰ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉੱਤਰਾਖੰਡ ਦੇ ਫੈਸਲੇ ਅਤੇ ਨੀਤੀਆਂ ਦੇਸ਼ ਲਈ ਮਿਸਾਲ ਕਾਇਮ ਕਰ ਰਹੀਆਂ ਹਨ।ਉਨ੍ਹਾਂ ਨੇ ਯੂਨੀਫਾਰਮ ਸਿਵਲ ਕੋਡ ਨੂੰ ਲਾਗੂ ਕਰਨ ਦਾ ਵੀ ਜ਼ਿਕਰ ਕੀਤਾ, ਜਿਸ ਦੀ ਦੇਸ਼ ਭਰ ਵਿੱਚ ਚਰਚਾ ਹੋ ਰਹੀ ਹੈ। ਉਨ੍ਹਾਂ ਨੌਜਵਾਨਾਂ ਦੀ ਸੁਰੱਖਿਆ ਲਈ ਨਕਲ ਵਿਰੋਧੀ ਕਾਨੂੰਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਰਾਜ ਵਿੱਚ ਭਰਤੀਆਂ ਪਾਰਦਰਸ਼ਤਾ ਨਾਲ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਨੇ ਗੜ੍ਹਵਾਲੀ, ਕੁਮਾਉਂਨੀ ਅਤੇ ਜੌਨਸਾਰੀ ਵਰਗੀਆਂ ਭਾਸ਼ਾਵਾਂ ਦੀ ਸਾਂਭ-ਸੰਭਾਲ ‘ਤੇ ਜ਼ੋਰ ਦਿੰਦਿਆਂ ਸੂਬੇ ਦੇ ਲੋਕਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਭਾਸ਼ਾਵਾਂ ਸਿਖਾਉਣ ਦੀ ਅਪੀਲ ਕੀਤੀ। ਉਨ੍ਹਾਂ ਸਾਰਿਆਂ ਨੂੰ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਨਾਲ ਲੜਨ ਲਈ ‘ਏਕ ਪੇਡ ਮਾਂ ਕੇ ਨਾਮ’ ਮੁਹਿੰਮ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ। ਜਲ ਸਰੋਤਾਂ ਦੀ ਸੰਭਾਲ ਅਤੇ ਜਲ ਸੈਨੀਟੇਸ਼ਨ ਨਾਲ ਸਬੰਧਤ ਮੁਹਿੰਮਾਂ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ। ਨਾਗਰਿਕਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜਨ ਅਤੇ ਆਪਣੇ ਪਿੰਡਾਂ ਦਾ ਦੌਰਾ ਕਰਨ ‘ਤੇ ਜ਼ੋਰ ਦਿੱਤਾ। ਰਾਜ ਵਿੱਚ ਰਵਾਇਤੀ ਘਰਾਂ ਦੀ ਸਾਂਭ ਸੰਭਾਲ ‘ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਹੋਮਸਟੇਜ਼ ਵਿੱਚ ਤਬਦੀਲ ਕਰਨ ਦਾ ਸੁਝਾਅ ਦਿੱਤਾ।
ਹਿੰਦੂਸਥਾਨ ਸਮਾਚਾਰ